ਬੀ ਪਰਾਕ ਨੇ ਜਾਨੀ ਦੇ ਬਰਥਡੇ 'ਤੇ ਸਾਂਝੀ ਕੀਤੀ ਭਾਵੁਕ ਪੋਸਟ, ਦੱਸੀ 9 ਸਾਲ ਦੇ ਸਫਰ ਦੀ ਕਹਾਣੀ
5/25/2020 11:43:48 AM

ਜਲੰਧਰ (ਬਿਊਰੋ) — ਵੱਡੇ ਕਲਾਕਾਰ ਨੂੰ ਬਣਾਉਣ ਪਿੱਛੇ ਗੀਤਕਾਰ ਦਾ ਅਹਿਮ ਹੱਥ ਹੁੰਦਾ ਹੈ। ਇੱਕ ਗੀਤਕਾਰ ਦੇ ਸ਼ਬਦਾਂ 'ਚ ਵੱਖਰਾ ਹੀ ਜਾਦੂ ਹੁੰਦਾ ਹੈ। ਗੀਤਕਾਰ ਦੇ ਲਿਖੇ ਗੀਤ ਕਿਸੇ ਵੀ ਸੁਣਨ ਵਾਲੇ ਦੇ ਮਿਜ਼ਾਜ ਨੂੰ ਬਦਲਣ ਦੀ ਤਾਕਤ ਰੱਖਦੇ ਹਨ। ਪੰਜਾਬੀ ਸੰਗੀਤ ਉਦਯੋਗ 'ਚ ਅਜਿਹਾ ਹੀ ਫ਼ਨਕਾਰ ਹੈ ਜਾਨੀ। ਜਾਨੀ ਉਨ੍ਹਾਂ ਗੀਤਕਾਰਾਂ 'ਚੋਂ ਹੈ, ਜਿਸ ਨੇ ਆਪਣੀ ਕਲਮ ਦੇ ਨਾਲ ਲੋਕਾਂ ਦੇ ਦਿਲਾਂ 'ਚ ਆਪਣੀ ਖਾਸ ਥਾਂ ਬਣਾ ਲਈ ਹੈ। ਗਿੱਦੜਬਾਹਾ ਦਾ ਇੱਕ ਆਮ ਜਿਹਾ ਮੁੰਡਾ ਆਪਣੀ ਕਲਮ ਦੇ ਸਦਕਾ ਪਾਲੀਵੁੱਡ ਤੇ ਬਾਲੀਵੁੱਡ 'ਚ ਛਾਇਆ ਹੋਇਆ ਹੈ।
'ਸੋਚ', 'ਪਛਤਾਓਗੇ' ਅਤੇ 'ਫਿਲਹਾਲ' ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਜਾਨੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ, ਜਿਸਦੇ ਚੱਲਦਿਆਂ ਉਨ੍ਹਾਂ ਦੇ ਪੱਕੇ ਦੋਸਤ ਬੀ ਪਰਾਕ ਨੇ ਜਾਨੀ ਨਾਲ ਆਪਣੀ ਦੋਸਤੀ ਦੀਆਂ ਕੁਝ ਯਾਦਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਇਹ ਵੀ ਦਿਨ ਸੀ..ਹੈਪੀ ਬਰਥਡੇ ਪਾਰਟਨਰ। ਦੋ ਜਿਸਮ ਇੱਕ ਜਾਨ, ਜਾਨੀ 9 ਸਾਲ ਹੋ ਗਏ ਨੇ ਆਪਾ ਨੂੰ ਇਕੱਠੇ ਅਤੇ ਅੱਗੇ ਵੀ ਇਵੇਂ ਹੀ ਰਹਾਂਗੇ।'' ਉਨ੍ਹਾਂ ਦੇ ਇਸ ਪੋਸਟ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ ਤੇ ਫੈਨਜ਼ ਕੁਮੈਂਟਸ ਕਰਕੇ ਜਾਨੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਦੱਸ ਦਈਏ ਜਾਨੀ, ਬੀ ਪਰਾਕ ਤੇ ਅਰਵਿੰਦਰ ਖਹਿਰਾ ਦੀ ਇਹ ਤਿਕੜੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੀ ਹੈ। ਜੇ ਗੱਲ ਕਰੀਏ ਜਾਨੀ ਦੇ ਮਿਊਜ਼ਿਕਲ ਸਫਰ ਦੀ ਤਾਂ ਉਨ੍ਹਾਂ ਨੇ ਸਾਲ 2012 'ਚ ਇੱਕ ਧਾਰਮਿਕ ਗੀਤ“'ਸੰਤ ਸਿਪਾਹੀ' ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ।
ਹਾਲਾਂਕਿ, ਉਨ੍ਹਾਂ ਨੂੰ ਹਾਰਡੀ ਸੰਧੂ ਵੱਲੋਂ ਗਾਏ ਗੀਤ 'ਸੋਚ' ਤੋਂ ਪ੍ਰਸਿੱਧੀ ਮਿਲੀ ਸੀ। ਬੀ ਪਰਾਕ ਨੇ ਮਿਊਜ਼ਿਕ ਤੇ ਅਰਵਿੰਦਰ ਖਹਿਰਾ ਨੇ ਇਸ ਗੀਤ ਦੀ ਵੀਡੀਓ ਤਿਆਰ ਕੀਤੀ ਸੀ।
ਜਾਨੀ ਨੇ 'ਜਾਨੀ ਤੇਰਾ ਨਾਂ', 'ਦਿਲ ਤੋਂ ਬਲੈਕ', 'ਮਨ ਭਰਿਆ', 'ਕਿਸਮਤ', 'ਜੋਕਰ', 'ਬੈਕਬੋਨ', 'ਹਾਰਨਬਲੋ' ਵਰਗੇ ਕਈ ਸੁਪਰ ਹਿੱਟ ਗੀਤ ਲਿਖੇ ਹਨ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫਿਲਮਾਂ ਲਈ ਵੀ ਗੀਤ ਲਿਖ ਚੁੱਕੇ ਹਨ। ਇਸ ਸਾਲ ਆਈ ਸੁਪਰ ਹਿੱਟ ਫਿਲਮ 'ਸੁਫਨਾ' ਦੇ ਗੀਤ ਵੀ ਜਾਨੀ ਦੀ ਹੀ ਕਲਮ 'ਚੋਂ ਹੀ ਨਿਕਲੇ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ