‘ਚੱਲ ਮੇਰਾ ਪੁੱਤ’ ਦਾ ਟ੍ਰੇਲਰ ਰਿਲੀਜ਼, ਪਹਿਲੇ ਦਿਨ ਹੀ ਸੋਸ਼ਲ ਮੀਡੀਆ ’ਤੇ ਛਾਇਆ

7/16/2019 8:38:44 AM

ਜਲੰਧਰ - ਚੁਫੇਰੇ ਚਰਚਾ ਦਾ ਵਿਸ਼ਾ ਬਣੀ ਪੰਜਾਬੀ ਫ਼ਿਲਮ “ਚੱਲ ਮੇਰਾ ਪੁੱਤ” ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਅਮਰਿੰਦਰ ਗਿੱਲ ਦੇ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਉਡੀਕੇ ਜਾ ਰਹੇ ਇਸ ਫ਼ਿਲਮ ਦੇ ਟ੍ਰੇਲਰ ਵਿਚ ਪਾਕਿਸਤਾਨ ਦੇ ਕਾਮੇਡੀ ਕਲਾਕਾਰ ਵਿਸ਼ੇਸ਼ ਖਿੱਚ ਦਾ ਕੇਂਦਰ ਹਨ। ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਦੀ ਖ਼ੂਬਸੂਰਤ ਜੋਡ਼ੀ ਵਾਲੀ ਇਹ ਫ਼ਿਲਮ ਵਿਦੇਸ਼ਾਂ ਵਿਚ ਰਹਿੰਦੇ ਉਨ੍ਹਾਂ ਕੱਚੇ ਨੌਜਵਾਨਾਂ ਦੀ ਕਹਾਣੀ ਹੈ, ਜੋ ਹੱਡਭੰਨਵੀਂ ਮਿਹਨਤ ਵੀ ਕਰ ਰਹੇ ਤੇ ਪੱਕੇ ਹੋਣ ਲਈ ਪਾਪਡ਼ ਵੀ ਵੇਲ ਰਹੇ ਹਨ। ਰਾਕੇਸ਼ ਧਵਨ ਦੀ ਲਿਖੀ ਤੇ ਜਨਜੋਤ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਗਈ ਇਹ ਫ਼ਿਲਮ ਕਾਮੇਡੀ ਦੇ ਨਾਲ-ਨਾਲ ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬੀ ਨੌਜਵਾਨਾਂ ਦੇ ਸੁਪਨੇ, ਪਰਿਵਾਰ ਦੀ ਿਜ਼ੰਮੇਵਾਰੀ ਤੇ ਭਵਿੱਖ ਦੀ ਚਿੰਤਾ ਨੂੰ ਬਿਆਨ ਕਰੇਗੀ। 26 ਜੁਲਾਈ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਮਨੋਰੰਜਨ ਦੇ ਨਾਲ-ਨਾਲ ਇਕ ਅਜਿਹੀ ਕੌਡ਼ੀ ਸੱਚਾਈ ਨੂੰ ਵੀ ਪੇਸ਼ ਕਰੇਗੀ, ਜੋ ਸਿਰਫ ਵਿਦੇਸ਼ਾਂ ਵਿਚ ਮਿਹਨਤ ਕਰ ਰਹੇ ਪੰਜਾਬੀ ਹੀ ਜਾਣਦੇ ਹਨ। ਉਹ ਪੰਜਾਬ ਰਹਿੰਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀਆਂ ਫ਼ਰਮਾਇਸ਼ਾਂ ਕਿਵੇਂ ਪੂਰੀਆਂ ਕਰਦੇ ਹਨ, ਇਹ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ। ਹਸਾਉਣ ਦੇ ਨਾਲ-ਨਾਲ ਇਹ ਫ਼ਿਲਮ ਦਰਸ਼ਕਾਂ ਨੂੰ ਭਾਵੁਕ ਵੀ ਕਰੇਗੀ। ਫ਼ਿਲਮ ਦੇ ਟ੍ਰੇਲਰ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਨੇ ਇਕ ਵਾਰ ਫ਼ਿਰ ਸਾਬਤ ਕਰ ਦਿੱਤਾ ਹੈ ਕਿ ਅਮਰਿੰਦਰ ਗਿੱਲ ਹਮੇਸ਼ਾ ਹੀ ਪੰਜਾਬੀਆਂ ਦਾ ਚਹੇਤਾ ਕਲਾਕਾਰ ਹੈ।


ਫ਼ਿਲਮ ਦੇ ਟ੍ਰੇਲਰ ਵਿਚ ਅਮਰਿੰਦਰ ਗਿੱਲ ਇਕ ਅਜਿਹੇ ਪੰਜਾਬੀ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ, ਜੋ ਵਿਦੇਸ਼ ਵਿਚ ਲੇਬਰ ਤੇ ਹੋਰ ਵੱਖ-ਵੱਖ ਕੰਮ ਕਰਦਾ ਹੈ। ਮਸਤ-ਮੌਲਾ ਇਹ ਨੌਜਵਾਨ ਦੇ ਸਿਰ ਕਈ ਜ਼ਿੰੰਮੇਵਾਰੀਆਂ ਵੀ ਹਨ ਪਰ ਹੋਰ ਕੱਚੇ ਨੌਜਵਾਨਾਂ ਵਾਂਗ ਜ਼ਿੰਦਗੀ ਜੀਣ ਵਿਚ ਵਿਸ਼ਵਾਸ ਨਹੀਂ ਰੱਖਦਾ। ਆਪਣੀ ਹਰ ਫ਼ਿਲਮ ਵਿਚ ਜ਼ਿੰਦਗੀ ਦੇ ਨੇਡ਼ਲੇ ਕਿਰਦਾਰ ਨਿਭਾਉਣ ਵਾਲਾ ਅਮਰਿੰਦਰ ਇਸ ਫ਼ਿਲਮ ਵਿਚ ਵੀ ਇਕ ਹਕੀਕੀ ਕਿਰਦਾਰ ਨਿਭਾ ਰਿਹਾ ਹੈ। ਕਾਬਲੇ-ਗ਼ੌਰ ਹੈ ਕਿ ਇਹ ਫਿਲਮ ਸ਼ੂਟਿੰਗ ਦੇ ਦਿਨਾਂ ਤੋਂ ਹੀ ਚਰਚਾ ’ਚ ਚੱਲ ਰਹੀ ਹੈ। ਨਿਰਮਾਤਾ ਕਾਰਜ ਗਿੱਲ ਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਬਣਾਈ ਗਈ ਇਹ ਫ਼ਿਲਮ ਲਹਿੰਦੇ ਤੇ ਚਡ਼੍ਹਦੇ ਪੰਜਾਬ ਦੇ ਸਾਂਝੇ ਕਲਾਕਾਰਾਂ ਦਾ ਸੁਮੇਲ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News