ਚੰਨੀ ਵੱਲੋਂ ਪੰਜਾਬੀ ਸਿਨੇਮਾ ਦੇ ਇਤਿਹਾਸ ਬਾਰੇ ਪੁਸਤਕ ਰਿਲੀਜ਼
11/23/2019 10:29:01 AM

ਚੰਡੀਗੜ੍ਹ (ਭੁੱਲਰ) - ਪੰਜਾਬੀ ਸਿਨੇਮਾ ਦਾ ਇਤਿਹਾਸ ਹੁਣ ਤੱਕ ਬੇਹੱਦ ਸ਼ਾਨਦਾਰ ਰਿਹਾ ਹੈ। ਵੰਡ ਤੋਂ ਪਹਿਲਾਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬੀ ਸਿਨੇਮਾ ਨੇ ਇਸ ਖਿੱਤੇ ਦੇ ਲੋਕਾਂ ਦੇ ਰਹਿਣ-ਸਹਿਣ ਅਤੇ ਸਮਾਜਿਕ ਤੇ ਆਰਥਿਕ ਪਹਿਲੂਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਅਜੋਕੇ ਸਮੇਂ 'ਚ ਸਮੇਂ ਦਾ ਹਾਣੀ ਬਣਦਾ ਹੋਇਆ ਪੰਜਾਬੀ ਸਿਨੇਮਾ ਤਕਨੀਕੀ ਸੂਝ-ਬੂਝ ਅਤੇ ਮੁਹਾਰਤ ਨਾਲ ਮੱਲਾਂ ਮਾਰ ਰਿਹਾ ਹੈ। ਇਹ ਵਿਚਾਰ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਪ੍ਰੈੱਸ ਕਲੱਬ ਵਿਖੇ ਪ੍ਰਗਟ ਕੀਤੇ। ਉਹ ਉੱਘੇ ਫਿਲਮ ਇਤਿਹਾਸਕਾਰ ਭੀਮ ਰਾਜ ਗਰਗ ਵੱਲੋਂ ਲਿਖੀ ਕਿਤਾਬ 'ਦਿ ਇਲਸਟ੍ਰੇਟਿਡ ਹਿਸਟਰੀ ਆਫ ਪੰਜਾਬੀ ਸਿਨੇਮਾ-1935-1985' ਦੇ ਅੰਗਰੇਜ਼ੀ ਐਡੀਸ਼ਨ ਦੇ ਨਾਰਥ ਜ਼ੋਨ ਫਿਲਮ ਐਂਡ ਟੀ. ਵੀ. ਆਰਟਿਸਟਸ ਐਸੋਸੀਏਸ਼ਨ ਵੱਲੋਂ ਕਰਵਾਏ ਘੁੰਡ ਚੁਕਾਈ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇਹ ਕਿਤਾਬ ਆਉਣ ਵਾਲੀਆਂ ਨਸਲਾਂ ਨੂੰ ਪੰਜਾਬੀ ਸਿਨੇਮਾ ਦੇ ਇਤਿਹਾਸ ਬਾਰੇ ਜਾਣੂ ਕਰਵਾਉਣ 'ਚ ਮੀਲ ਦਾ ਪੱਥਰ ਸਾਬਿਤ ਹੋਵੇਗੀ। ਚੰਨੀ ਨੇ ਨਾਰਥ ਜ਼ੋਨ ਫਿਲਮ ਐਂਡ ਟੀ. ਵੀ. ਆਰਟਿਸਟਸ ਐਸੋਸੀਏਸ਼ਨ ਨੂੰ ਪੰਜਾਬੀ ਭਾਸ਼ਾ, ਸੱਭਿਆਚਾਰ ਨੂੰ ਪ੍ਰਮੋਟ ਕਰਨ ਹਿੱਤ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਲੇਖਕ ਭੀਮ ਰਾਜ ਗਰਗ ਅਤੇ ਮਨਦੀਪ ਸਿੱਧੂ, ਵਿਜੇ ਟੰਡਨ, ਨਿਰਮਲ ਰਿਸ਼ੀ, ਸਰਦਾਰ ਸੋਹੀ, ਬੀ. ਐੱਨ. ਸ਼ਰਮਾ, ਗੁਰਪ੍ਰੀਤ ਕੌਰ ਭੰਗੂ ਅਤੇ ਜਪੁਜੀ ਖਹਿਰਾ ਸਮੇਤ ਪੰਜਾਬੀ ਫ਼ਿਲਮ ਉਦਯੋਗ ਨਾਲ ਜੁੜੀਆਂ ਨਾਮੀ ਹਸਤੀਆਂ ਮੌਜੂਦ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਅਦਾਕਾਰਾ ਉਰਵਸ਼ੀ ਰੌਤੇਲਾ ਤੇ ਮਿਮੀ ਚੱਕਰਵਰਤੀ ਦੀਆਂ ਵਧੀਆ ਮੁਸ਼ਕਲਾਂ, ਇਸ ਮਾਮਲੇ ''ਚ ED ਨੇ ਭੇਜਿਆ ਸੰਮਨ
