ਕੋਰੋਨਾ ਵਾਇਰਸ ਨੇ ਇਕ ਸਾਲ ਪਿੱਛੇ ਕੀਤੀ ਪੰਜਾਬੀ ਅਤੇ ਹਿੰਦੀ ਫਿਲਮ ਇੰਡਸਟਰੀ

6/6/2020 9:00:21 AM

ਜਲੰਧਰ – ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਆਮ ਤੋਂ ਲੈ ਕੇ ਖਾਸ ਹਰ ਸ਼ਖਸ ਦਾ ਕੰਮ ਪ੍ਰਭਾਵਿਤ ਕੀਤਾ ਹੈ। ਕੋਰੋਨਾ ਵਾਇਰਸ ਤੇ ਲਾਕਡਾਊਨ ਦੇ ਚਲਦਿਆਂ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਸਿਨੇਮਾ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਹੁਣ ਜਦੋਂ ਹਾਲਾਤ ਠੀਕ ਹੋ ਰਹੇ ਹਨ ਤਾਂ ਇਹ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਬੰਦ ਪਏ ਸਿਨੇਮਾਘਰ ਵੀ ਛੇਤੀ ਖੁੱਲ੍ਹਣਗੇ। ਲਾਕਡਾਊਨ ਕਾਰਨ ਪੰਜਾਬੀ ਤੇ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਹੋਏ ਨੁਕਸਾਨ ਤੇ ਅਗਲੀ ਰਣਨੀਤੀ ਨੂੰ ਲੈ ਕੇ ਪ੍ਰਤੀਨਿਧੀ ਨੇਹਾ ਮਨਹਾਸ ਵਲੋਂ ਪੰਜਾਬੀ ਫਿਲਮ ਪ੍ਰੋਡਿਊਸਰ ਤੇ ਡਿਸਟ੍ਰੀਬਿਊਟਰ ਮੁਨੀਸ਼ ਸਾਹਨੀ ਤੇ ਯਸ਼ ਰਾਜ ਫਿਲਮਜ਼, ਈਸਟ ਪੰਜਾਬ ਸਰਕਟ ਤੋਂ ਡਿਸਟ੍ਰੀਬਿਊਟਰ ਅਨਿਲ ਪੁਰੀ ਨਾਲ ਖਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—
ਮੁਨੀਸ਼ ਸਾਹਨੀ (ਫਿਲਮ ਪ੍ਰੋਡਿਊਸਰ ਤੇ ਡਿਸਟ੍ਰੀਬਿਊਟਰ)

ਕੋਰੋਨਾ ਵਾਇਰਸ ਕਾਰਨ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੰਨਾ ਨੁਕਸਾਨ ਪੁੱਜਾ ਹੈ?
ਪੰਜਾਬੀ ਫਿਲਮ ਇੰਡਸਟਰੀ ਨੂੰ ਮੌਜੂਦਾ ਸਮੇਂ 'ਚ ਭਾਰੀ ਨੁਕਸਾਨ ਹੋ ਰਿਹਾ ਹੈ ਪਰ ਇਹ ਨੁਕਸਾਨ ਸਿਰਫ ਫਿਲਮ ਇੰਡਸਟਰੀ ਨੂੰ ਨਹੀਂ, ਸਗੋਂ ਦੁਨੀਆ ਭਰ ਦੀ ਹਰ ਇੰਡਸਟਰੀ ਨੂੰ ਹੋ ਰਿਹਾ ਹੈ। ਸਾਰੇ ਕੰਮ ਬੰਦ ਪਏ ਹਨ ਤੇ ਇਸ ਦੇ ਚਲਦਿਆਂ ਕੁਝ ਨਹੀਂ ਕੀਤਾ ਜਾ ਸਕਦਾ। ਮਾਰਚ ਦੇ ਮੱਧ ’ਚ ਜਦੋਂ ਲਾਕਡਾਊਨ ਸ਼ੁਰੂ ਹੋਇਆ ਤਾਂ ਉਸ ਵੇਲੇ ਪੰਜਾਬੀ ਫਿਲਮ ਇੰਡਸਟਰੀ ਦੀਆਂ ਦੋ ਵੱਡੀਆਂ ਫਿਲਮਾਂ ‘ਚੱਲ ਮੇਰਾ ਪੁੱਤ 2’ ਤੇ ‘ਇੱਕੋ ਮਿੱਕੇ’ ਲੱਗੀਆਂ ਹੋਈਆਂ ਸਨ। ਇਨ੍ਹਾਂ ਫਿਲਮਾਂ ਨੂੰ ਸਿਨੇਮਾਘਰਾਂ ’ਚ ਸਿਰਫ 2 ਦਿਨ ਹੀ ਮਿਲੇ। ਜਿਥੇ ਇਨ੍ਹਾਂ ਫਿਲਮਾਂ ਨੂੰ ਨੁਕਸਾਨ ਪਹੁੰਚਿਆ ਹੈ, ਉਥੇ ਕਈ ਹੋਰ ਫਿਲਮਾਂ ਨੂੰ ਵੀ ਘਾਟਾ ਪਿਆ ਹੈ।

ਲਾਕਡਾਊਨ ਕਾਰਨ ਸਾਡਾ ਪੰਜਾਬੀ ਸਿਨੇਮਾ ਕਿੰਨਾ ਪਿੱਛੇ ਜਾ ਚੁੱਕਿਆ ਹੈ?
ਮੌਜੂਦਾ ਹਾਲਾਤ ਨੂੰ ਦੇਖਿਆ ਜਾਵੇ ਤਾਂ ਅਸੀਂ 1 ਸਾਲ ਪਿੱਛੇ ਜਾ ਚੁੱਕੇ ਹਾਂ। ਜੇਕਰ ਜੁਲਾਈ ’ਚ ਸਿਨੇਮਾਘਰ ਖੁੱਲ੍ਹਣਗੇ ਤਾਂ ਅਗਸਤ-ਸਤੰਬਰ ’ਚ ਹਾਲਾਤ ਠੀਕ ਹੋਣਗੇ। ਸਤੰਬਰ ਤੋਂ ਦਸੰਬਰ ਵਿਚਾਲੇ 16 ਹਫਤੇ ਹਨ ਤੇ ਪਹਿਲਾਂ ਹੀ 28 ਤੋਂ 30 ਫਿਲਮਾਂ ਰਿਲੀਜ਼ ਲਈ ਤਿਆਰ ਹਨ, ਜੋ ਇਸ ਸਾਲ ਸਾਰੀਆਂ ਰਿਲੀਜ਼ ਨਹੀਂ ਹੋ ਸਕਦੀਆਂ।

ਕੀ ਲਾਕਡਾਊਨ ਖੁੱਲ੍ਹਣ ਤੋਂ ਬਾਅਦ ‘ਇੱਕੋ-ਮਿੱਕੇ’ ਤੇ ‘ਚੱਲ ਮੇਰਾ ਪੁੱਤ 2’ ਮੁੜ ਰਿਲੀਜ਼ ਹੋਣਗੀਆਂ?
ਜੀ ਹਾਂ, ਇਨ੍ਹਾਂ ਦੋਵਾਂ ਫਿਲਮਾਂ ਨੂੰ ਸਿਨੇਮਾਘਰ ਖੁੱਲ੍ਹਣ ’ਤੇ ਮੁੜ ਰਿਲੀਜ਼ ਕੀਤਾ ਜਾਵੇਗਾ ਕਿਉਂਕਿ ਪਹਿਲਾਂ ਇਨ੍ਹਾਂ ਦੋਵਾਂ ਫਿਲਮਾਂ ਨੂੰ ਸਿਰਫ 2 ਦਿਨ ਹੀ ਸਿਨੇਮਾਘਰਾਂ ’ਚ ਮਿਲੇ ਸਨ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਦੋਵਾਂ ਫਿਲਮਾਂ ਨਾਲ ਹੀ ਸਾਡੀ ਸਿਨੇਮਾਘਰਾਂ ’ਚ ਵਾਪਸੀ ਹੋਵੇਗੀ।

ਕੋਰੋਨਾ ਵਾਇਰਸ ਕਾਰਨ ਕੀ ਵਿਦੇਸ਼ਾਂ ’ਚ ਫਿਲਮਾਂ ਰਿਲੀਜ਼ ਕਰਨ ’ਚ ਆਸਾਨੀ ਹੋਵੇਗੀ?
ਬਾਹਰਲੇ ਮੁਲਕ ਸਾਡੇ ਨਾਲੋਂ ਥੋੜ੍ਹਾ ਅੱਗੇ ਚੱਲ ਰਹੇ ਹਨ ਤੇ ਮੈਨੂੰ ਲੱਗਦਾ ਹੈ ਕਿ ਵਿਦੇਸ਼ਾਂ ’ਚ ਫਿਲਮਾਂ ਰਿਲੀਜ਼ ਕਰਨ ’ਚ ਸਾਨੂੰ ਆਸਾਨੀ ਹੋਵੇਗੀ। ਕਈ ਦੇਸ਼ਾਂ ’ਚ ਸਿਨੇਮਾਘਰ ਖੁੱਲ੍ਹ ਚੁੱਕੇ ਹਨ। ਵਿਦੇਸ਼ਾਂ ’ਚ ਹਾਲੀਵੁੱਡ ਫਿਲਮਾਂ ਦੀ ਰਿਲੀਜ਼ ਡੇਟਸ ਵੀ ਸਾਹਮਣੇ ਆ ਰਹੀ ਹੈ।

ਬਤੌਰ ਪ੍ਰੋਡਿਊਸਰ ਜਾਂ ਡਿਸਟ੍ਰੀਬਿਊਟਰ ਤੁਹਾਡਾ ਆਉਣ ਵਾਲੇ ਸਮੇਂ ਨੂੰ ਲੈ ਕੇ ਕੀ ਪਲਾਨ ਹੈ ਤੇ ਕੀ ਕਦਮ ਚੁੱਕੇ ਜਾਣਗੇ?
ਮੇਰੀ ਜਿੰਨੇ ਵੀ ਸਿਨੇਮਾ ਮਾਹਿਰਾਂ ਨਾਲ ਗੱਲ ਹੋਈ ਹੈ, ਉਨ੍ਹਾਂ ਸਭ ਦਾ ਇਹੀ ਅਨੁਮਾਨ ਹੈ ਕਿ ਜੂਨ ਅਖੀਰ ਤਕ ਸਿਨੇਮਾਘਰ ਖੁੱਲ੍ਹਣ ਜਾਣਗੇ ਤੇ ਸਭ ਦੀ ਇਹੀ ਕੋਸ਼ਿਸ਼ ਰਹੇਗੀ ਕਿ ਸਿਨੇਮਾਘਰਾਂ ਅੰਦਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ। ਲੋਕਾਂ ਦੇ ਬੈਠਣ-ਉੱਠਣ ਦਾ ਧਿਆਨ ਰੱਖਿਆ ਜਾਵੇ। ਚੰਗੀ ਤਰ੍ਹਾਂ ਸਿਨੇਮਾਘਰਾਂ ’ਚ ਸੈਨੇਟਾਈਜ਼ੇਸ਼ਨ ਕੀਤੀ ਜਾਵੇ। ਜੇਕਰ ਲੋਕਾਂ ਦਾ ਸਹਿਯੋਗ ਆਉਣ ਵਾਲੇ ਸਮੇਂ ’ਚ ਮਿਲੇਗਾ ਤਾਂ ਅਸੀਂ ਛੇਤੀ ਹੀ ਉੱਪਰ ਉੱਠ ਸਕਾਂਗੇ।

ਅਨਿਲ ਪੁਰੀ (ਡਿਸਟ੍ਰੀਬਿਊਟਰ ਯਸ਼ ਰਾਜ ਫਿਲਮਜ਼, ਈਸਟ ਪੰਜਾਬ ਸਰਕਟ)

ਲਾਕਡਾਊਨ ’ਚ ਬਾਲੀਵੁੱਡ ਦੇ ਬਾਜ਼ਾਰ ਦਾ ਮੌਜੂਦਾ ਹਾਲ ਕੀ ਹੈ?
ਇਸ ਲਾਕਡਾਊਨ ’ਚ ਨੁਕਸਾਨ ਹੋਣਾ ਸੁਭਾਵਿਕ ਸੀ। ਜਿੰਨਾ ਨੁਕਸਾਨ ਬਾਲੀਵੁੱਡ ਇੰਡਸਟਰੀ ਨੂੰ ਹੋ ਚੁੱਕਾ ਹੈ, ਉਹ ਸਾਡੀ ਸੋਚ ਤੋਂ ਪਰੇ ਹੈ। ਲਗਭਗ 9500 ਸਕ੍ਰੀਨਜ਼ ਬੰਦ ਪਈਆਂ ਹਨ। ਭਾਰਤ 'ਚ ਇਕ ਸਾਲ ਅੰਦਰ ਲਗਭਗ 1200 ਫਿਲਮਾਂ ਬਣਦੀਆਂ ਹਨ, ਜੋ ਕਿ ਸਾਲ 2020 ’ਚ ਰਿਲੀਜ਼ ਹੀ ਨਹੀਂ ਹੋ ਪਾਈਆਂ। ਜੇ ਅਨੁਮਾਨ ਲਗਾਇਆ ਜਾਵੇ ਤਾਂ ਮਈ ਤਕ 130 ਮਿਲੀਅਨ ਡਾਲਰ ਦਾ ਨੁਕਸਾਨ ਮਈ ਤਕ ਹੋਇਆ ਹੈ।

ਯਸ਼ ਰਾਜ ਫਿਲਮਜ਼ ਦੇ ਕਿੰਨੇ ਪ੍ਰਾਜੈਕਟਸ ਕੋਰੋਨਾ ਕਰਕੇ ਪੈਂਡਿੰਗ ਪਏ ਹਨ?
ਇਸ ਮਹਾਮਾਰੀ ਕਾਰਨ ਯਸ਼ ਰਾਜ ਫਿਲਮਜ਼ ਦੇ 4-5 ਪ੍ਰਾਜੈਕਟਸ ਪ੍ਰਭਾਵਿਤ ਹੋਏ ਹਨ।

ਕੀ ਪੈਂਡਿੰਗ ਪਏ ਪ੍ਰਾਜੈਕਟਸ ਯਸ਼ ਰਾਜ ਫਿਲਮਜ਼ ਅਗਲੇ ਸਾਲ ਰਿਲੀਜ਼ ਕਰੇਗੀ?
ਜਦੋਂ ਤਕ ਲੋਕਾਂ ਅੰਦਰ ਮੁੜ ਬਾਹਰ ਨਿਕਲਣ ਦਾ ਹੌਸਲਾ ਨਹੀਂ ਆ ਜਾਂਦਾ ਤੇ ਜਦੋਂ ਤਕ ਹਾਲਾਤ ਮੁੜ ਆਮ ਵਾਂਗ ਨਹੀਂ ਹੋ ਜਾਂਦੇ, ਉਦੋਂ ਤਕ ਇਨ੍ਹਾਂ ਪ੍ਰਾਜੈਕਟਸ ਦੇ ਰਿਲੀਜ਼ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।

ਜੇਕਰ 6-7 ਮਹੀਨੇ ਲੱਗਣ ਇੰਡਸਟਰੀ ਦੇ ਹਾਲਾਤ ਸੁਧਰਨ ਹੋਣ ਵਿਚ ਉਸ ਤੋਂ ਬਾਅਦ ਇੰਡਸਟਰੀ ਕਿੰਨਾ ਸਮਾਂ ਲੈ ਸਕਦੀ ਹੈ ਕੰਮ ਸ਼ੁਰੂ ਕਰਨ ਵਿਚ?
ਮੈਨੂੰ ਲੱਗਦਾ ਹੈ ਕਿ ਮੌਜੂਦਾ ਹਾਲਾਤ ਨੇ ਸਾਨੂੰ 2 ਸਾਲ ਪਿੱਛੇ ਸੁੱਟ ਦਿੱਤਾ ਹੈ। ਮਾਰਕੀਟ 'ਤੇ ਇਸ ਦੇ ਬੁਰੇ ਪ੍ਰਭਾਵ ਪਏ ਹਨ, ਜੋ ਹੌਲੀ-ਹੌਲੀ ਸੰਭਾਲੇ ਜਾ ਸਕਦੇ ਹਨ।

ਯਸ਼ ਰਾਜ ਫਿਲਮਜ਼ ਇੰਡਸਟਰੀ ਦਾ ਵੱਡਾ ਹਿੱਸਾ ਹੈ। ਕੀ ਤੁਹਾਡੇ ਕੋਲ ਕੋਈ ਬਲਿਊਪ੍ਰਿੰਟ ਇਸ ਹਾਲਾਤ ਨਾਲ ਨਜਿੱਠਣ ਲਈ?
ਇਹ ਲਾਕਡਾਊਨ ਖੁੱਲ੍ਹਣ ਤੇ ਹਾਲਾਤ ਸੁਧਰਨ ’ਤੇ ਹੀ ਡਿਪੈਂਡ ਕਰਦਾ ਹੈ। ਜਦੋਂ ਹਾਲਾਤ ਠੀਕ ਹੋਣਗੇ ਤਾਂ ਅਸੀਂ ਇਸ ਚੀਜ਼ ’ਤੇ ਜ਼ਰੂਰ ਧਿਆਨ ਰੱਖਾਂਗੇ ਕਿ ਫਿਲਮਾਂ ਕਲੈਸ਼ ਨਾ ਹੋਣ। ਸਭ ਨੂੰ 1-1 ਹਫਤਾ ਮਿਲ ਸਕੇ ਬਾਕੀ ਚੀਜ਼ਾਂ ਲੌਕਡਾਊਨ ਖੁੱਲ੍ਹਣ ’ਤੇ ਹੀ ਦੇਖੀਆਂ ਜਾਣਗੀਆਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News