‘ਗੌਨ ਵਿਦ ਦਿ ਵਿੰਡ’ ਅਤੇ ਸਰਜੀਕਲ ਸਟਰਾਈਕ ਵਰਗੀਆਂ ਵੱਡੀਆਂ ਫਿਲਮਾਂ ਦਾ ਪ੍ਰਦਰਸ਼ਨ

11/24/2019 10:03:09 AM

ਗੋਆ (ਕੁਲਦੀਪ ਸਿੰਘ ਬੇਦੀ)- ਬੀਤੀ ਰਾਤ ਗੋਆ ਦੇ 50ਵੇਂ ਕੌਮਾਂਤਰੀ ਫਿਲਮ ਫੈਸਟੀਵਲ ’ਚ ਯੂ. ਐੱਸ. ਏ. ਦੀ 1939 ’ਚ ਆਸਕਰ ਐਵਾਰਡ ਜੇਤੂ ਫਿਲਮ ‘ਗੌਨ ਵਿਦ ਦਿ ਵਿੰਡ’ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਫਿਲਮ ਨੂੰ ਦੇਖਣ ਲਈ ਡੈਲੀਗੇਟਾਂ ਦੀ ਵੱਡੀ ਭੀੜ ਪਹੁੰਚੀ। ਇਸਦੇ ਬਾਵਜੂਦ ਕਿ ਇਹ ਫਿਲਮ ਚਾਰ ਘੰਟਿਆਂ ਦੀ ਸੀ, ਸਾਰੇ ਦਰਸ਼ਕ ਇਸ ਫਿਲਮ ਨੂੰ ਦੇਖਦੇ ਰਹੇ। ਅਮਰੀਕੀ ਖਾਨਾਜੰਗੀ ’ਤੇ ਬਣੀ ਫਿਲਮ, ਮਾਰਗਰੇਟ ਮਿਸ਼ੇਲ ਦੇ ਇਸੇ ਨਾਂ ’ਤੇ ਲਿਖੇ ਨਾਵਲ ਤੇ ਆਧਾਰਿਤ ਹੈ ਜੋ ਕਿ ਢੀਠ, ਆਵਾਰਾ ਅਤੇ ਕਠੋਰ ਦਿਲ ਦੀ ਸੁੰਦਰੀ ਸਕਾਰਲੇਟ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਇਕ ਆਮ ਪੇਂਡੂ ਜੀਵਨ ਤੋਂ ਲੈ ਕੇ ਅਮਰੀਕੀ ਖਾਨਾਜੰਗੀ ਤੱਕ ਸਕਾਰਲੇਟ ਦੀ ਜ਼ਿੰਦਗੀ ’ਚ ਕਈ ਉਤਾਰ ਚੜ੍ਹਾਅ ਆਉਂਦੇ ਹਨ। ਆਪਣੀਆਂ ਨਿੱਜੀ ਸਹੂਲਤਾਂ ਲਈ ਉਹ ਦੋ ਪ੍ਰੇਮੀਆਂ ਨਾਲ ਆਪਣੇ ਪ੍ਰੇਮ ਪ੍ਰਸੰਗ ਚਲਾਉਂਦੀ ਹੈ। ਉਸ ਜ਼ਮਾਨੇ ਦੇ ਖਾਨਾਜੰਗੀ ਦੇ ਦ੍ਰਿਸ਼ਾਂ ਦਾ ਕਮਾਲ ਦਾ ਚਿਤ੍ਰਣ ਕਰਦੀ ਇਹ ਫਿਲਮ ਅਜਿਹੀਆਂ ਘਟਨਾਵਾਂ ’ਚ ਲੰਘਦੀ ਹੈ ਜੋ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਦੀਆਂ ਹਨ। ‘ਗੌਨ ਵਿਦ ਦਿ ਵਿੰਡ’ ਜਦੋਂ ਬਣੀ ਸੀ ਤਾਂ ਇਹ ਛੇ ਘੰਟਿਆਂ ਦੀ ਫਿਲਮ ਹੁੰਦੀ ਸੀ। ਹੁਣ ਇਸ ਆਸਕਰ ਐਵਾਰਡ ਜੇਤੂ ਫਿਲਮ ਨੂੰ 4 ਘੰਟਿਆਂ ਤੱਕ ਸੰਪਾਦਿਤ ਕਰ ਦਿੱਤਾ ਗਿਆ ਹੈ। ਇਸਦੇ ਡਾਇਰੈਕਟਰ ਵਿਕਟਰ ਫਲੇਮਿੰਗ ਹਨ।
ਭਾਰਤੀ ਸਿਨੇਮਾ ਵਿਚ ਕੋਂਕਣੀ ’ਚ ਬਣੀ ਫਿਲਮ ‘ਏ ਰੇਨੀ ਡੇਅ’ ਬੜੇ ਕਮਾਲ ਦੇ ਵਿਸ਼ੇ ’ਤੇ ਬਣੀ ਫਿਲਮ ਹੈ। ਇਨਸਾਨ ਜਦੋਂ ਕੋਈ ਗਲਤੀ ਕਰਦਾ ਹੈ ਤਾਂ ਇਹ ਗਲਤੀ ਉਸ ਦਾ ਦੂਰ ਤੱਕ ਪਿੱਛਾ ਕਰਦੀ ਹੈ। ਇਕ ਔਰਤ ਨੂੰ ਆਪਣੇ ਪਤੀ ਦੀ ਇਕ ਗਲਤੀ ਦਾ ਪਤਾ ਲੱਗ ਜਾਂਦਾ ਹੈ ਕਿ ਉਸ ਨੇ ਦੂਜੀ ਔਰਤ ਰੱਖੀ ਹੋਈ ਹੈ। ਫਿਲਮ ਕੰਪਨੀ ਵਿਚ ਕੰਮ ਕਰਦਾ ਇਹ ਸ਼ਖਸ ਆਪਣਾ ਕੰਮ ਕਢਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਜਦੋਂ ਉਸਨੂੰ ਆਪਣੀ ਪਤਨੀ ਦੇ ਮਾਂ ਬਣਨ ਦੀ ਖਬਰ ਮਿਲਦੀ ਹੈ ਤਾਂ ਉਸਦੀ ਜ਼ਿੰਦਗੀ ਬਦਲ ਜਾਂਦੀ ਹੈ ਅਤੇ ਅਜਿਹਾ ਕੁਝ ਵਾਪਰਦਾ ਹੈ ਜਿਸ ਬਾਰੇ ਉਸਨੇ ਸੋਚਿਆ ਵੀ ਨਹੀਂ ਹੁੰਦਾ। ਫਿਰ ਉਸਦੀ ਪਤਨੀ ਉਸਨੂੰ ਉਸਦੇ ਸਾਰੇ ਰਾਜ਼ ਅਤੇ ਗਲਤ ਕੰਮ ਚੇਤੇ ਕਰਾਉਂਦੀ ਹੈ। ਫਿਲਮ ਦੇ ਨਿਰਦੇਸ਼ਕ ਰਾਜੇਂਦਰ ਤਾਲਕ ਹਨ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਕੋਂਕਣੀ ਫਿਲਮਾਂ ਅਲੀਸ਼ਾ ਅਤੇ ਉਸਾਰੀਆਂ ਲਈ ਨੈਸ਼ਨਲ ਐਵਾਰਡ ਮਿਲ ਚੁੱਕੇ ਹਨ।
ਇਸੇ ਵਰ੍ਹੇ ਰਿਲੀਜ਼ ਹੋਈ ਫਿਲਮ ‘ਉੜੀ’ ਦਿ ਸਰਜੀਕਲ ਸਟਰਾਈਕ’ ਨੂੰ ਵੀ ਇੰਡੀਅਨ ਮੈਨੋਰਸਾ ’ਚ ਦਿਖਾਉਣ ਲਈ ਚੁਣਿਆ ਗਿਆ। 18 ਸਤੰਬਰ 2016 ਨੂੰ ਚਾਰ ਅੱਤਵਾਦੀਆਂ ਨੇ ਉੜੀ ਬੇਸ ਕੈਂਪ ’ਤੇ ਹਮਲਾ ਕਰ ਦਿੱਤਾ ਸੀ, ਇਸ ਵਿਚ ਭਾਰਤ ਦੇ 19 ਜਵਾਨ ਸ਼ਹੀਦ ਹੋਏ ਸਨ। ਫਿਰ ਭਾਰਤੀ ਫੌਜ ਨੇ 29 ਸਤੰਬਰ 2016 ਨੂੰ ਹੀ ਹੁਣ ਤੱਕ ਦੇ ਸਭ ਤੋਂ ਨਿਧੜਕ, ਰਣਨੀਤਕ ਅਤੇ ਗੁਪਤ ਮੁਹਿੰਮਾਂ ’ਚ ਇਕ ਸਰਜੀਕਲ ਸਟਰਾਈਕ ਕਰਦਿਆਂ ਜਵਾਬੀ ਕਾਰਵਾਈ ਕੀਤੀ ਸੀ। ਇਹ ਫਿਲਮ ਉਸੇ ਘਟਨਾ ’ਤੇ ਆਧਾਰਿਤ ਹੈ। ਪਾਕਿਸਤਾਨ ਦੇ ਅਧਿਕਾਰ ਹੇਠਲੇ ਕਸ਼ਮੀਰ ’ਚ ਲੁਕੇ ਸ਼ੱਕੀ ਅੱਤਵਾਦੀਆਂ ’ਤੇ ਕੀਤੇ ਗਏ ਭਾਰਤੀ ਹਮਲੇ ਨੂੰ ਦਰਸਾਉਂਦੀ ਹੈ ਇਹ ਫਿਲਮ। ਇਸ ਫਿਲਮ ਦੇ ਨਿਰਦੇਸ਼ਕ ਆਦਿਤਯ ਧਰ ਵੀ ਡੈਲੀਗੇਟਾਂ ਦੇ ਰੂ-ਬਰੂ ਹੋਏ। ਆਦਿਤਯ ਦੀ ਇਹ ਆਪਣੀ ਨਿਰਦੇਸ਼ਕਾਂ ਵਾਲੀ ਪਹਿਲੀ ਫਿਲਮ ਹੈ ਇਸ ਤੋਂ ਪਹਿਲਾਂ ਉਸਨੇ ਕਾਬੁਲ ਐਕਸਪ੍ਰੈੱਸ, ਆਕ੍ਰੋਸ਼ ਅਤੇ ਤੇਜ ਸਹਿ ਨਿਰਦੇਸ਼ਕ ਵਜੋਂ ਕਾਰਜ ਕੀਤਾ ਹੈ। ਆਦਿਤਯ ਗੀਤਕਾਰ ਵੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News