ਗੰਭੀਰ ਮੁੱਦੇ ਨੂੰ ਮਨੋਰੰਜਕ ਤਰੀਕੇ ਨਾਲ ਪੇਸ਼ ਕਰਦੀ ਹੈ ਗੁੱਡ ਨਿਊਜ਼

12/20/2019 10:57:53 AM

ਜਲੰਧਰ(ਬਿਊਰੋ)- ਇਸ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਬਾਲੀਵੁੱਡ ਸਾਰੇ ਦਰਸ਼ਕਾਂ ਨੂੰ ਬਹੁਤ ‘ਗੁੱਡ ਨਿਊਜ਼’ ਦੇਣ ਵਾਲਾ ਹੈ। ਪਰ ਇਥੇ ਗੱਲ ਕਿਸੇ ਖਬਰ ਦੀ ਨਹੀਂ ਸਗੋਂ 27 ਦਸੰਬਰ ਨੂੰ ਰਿਲੀਜ਼ ਹੋ ਰਹੀ ਫਿਲਮ ‘ਗੁੱਡ ਨਿਊਜ਼’ ਦੀ ਹੋ ਰਹੀ ਹੈ। ਜੀ ਹਾਂ, ਮਲਟੀ ਸਟਾਰਰ ਇਸ ਫਿਲਮ ਵਿਚ ਤਕਰੀਬਨ 10 ਸਾਲ ਤੋਂ ਬਾਅਦ ਅਕਸ਼ੈ ਕੁਮਾਰ ਅਤੇ ਕਰੀਨ ਕਪੂਰ ਖਾਨ ਦੀ ਜੋੜੀ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਹੀ ਫਿਲਮ ਵਿਚ ਦਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਵੀ ਨਜ਼ਰ ਆਉਣਗੇ। ਇਸ ਫਿਲਮ ਦੀ ਕਹਾਣੀ ਇਨਵਰਟੋ ਫਰਟੀਲਾਈਜ਼ੇਸ਼ਨ ਯਾਨੀ ਆਈ.ਵੀ.ਐੱਫ. ਪ੍ਰੈਗਨੈਂਸੀ 'ਤੇ ਆਧਾਰਿਤ ਹੈ ਪਰ ਇਸ ਵਿਚ ਕਾਮੇਡੀ ਆਫ ਐਰਰਜ਼ ਦਾ ਤੜਕਾ ਲਾਇਆ ਗਿਆ ਹੈ। ਇਸ ਦਾ ਨਿਰਦੇਸ਼ਨ ਕੀਤਾ ਹੈ ਰਾਜ ਮਹਿਤਾ ਨੇ। ਫਿਲਮ ਦੀ ਪ੍ਰਮੋਸ਼ਨ ਕਰਨ ਲਈ ਦਿੱਲੀ ਪੁੱਜੇ ਅਕਸ਼ੈ, ਕਰੀਨਾ, ਦਿਲਜੀਤ ਤੇ ਕਿਆਰਾ ਨੇ ਜਗ ਬਾਣੀ/ਨਵੋਦਯਾ ਟਾਈਮਜ਼/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੜ੍ਹੋ ਇਸ ਦੇ ਮੁੱਖ ਹਿੱਸੇ :-

ਅੱਧੀ ਸਕ੍ਰਿਪਟ ਸੁਣਦਿਆਂ ਹੀ ਕਰ ਦਿੱਤੀ ਸੀ ਹਾਂ : ਕਰੀਨਾ ਕਪੂਰ ਖਾਨ

ਜਿਵੇਂ ਹੀ ਰਾਜ ਨੇ ਮੈਨੂੰ ਸਕ੍ਰਿਪਟ ਸੁਣਾਉਣੀ ਸ਼ੁਰੂ ਕੀਤੀ, ਹੱਸ-ਹੱਸ ਕੇ ਮੇਰੇ ਢਿੱਡੀਂ ਪੀੜਾਂ ਪੈਣ ਲੱਗੀਆਂ ਅਤੇ ਅੱਧੀ ਸਕ੍ਰਿਪਟ ਸੁਣਦਿਆਂ ਹੀ ਮੈਂ ਇਸ ਫਿਲਮ ਲਈ ਹਾਂ ਕਰ ਦਿੱਤੀ। ਉਸ ਸਮੇਂ ਤੈਅ ਹੋਇਆ ਸੀ ਕਿ ਇਹ ਇਕ ਘੱਟ ਬਜਟ ਦੀ ਛੋਟੀ ਫਿਲਮ ਹੋਵੇਗੀ ਅਤੇ ਇਸ ਵਿਚ ਨਵੇਂ ਅਦਾਕਾਰ ਲਏ ਜਾਣਗੇ ਪਰ 20 ਦਿਨਾਂ ਬਾਅਦ ਮੈਨੂੰ ਦੱਸਿਆ ਗਿਆ ਕਿ ਫਿਲਮ ਦਾ ਡਾਇਨਾਮਿਕ ਹੁਣ ਬਦਲ ਚੁੱਕਾ ਹੈ। ਹੁਣ ਅਕਸ਼ੈ ਇਸ ਫਿਲਮ ਦਾ ਹਿੱਸਾ ਬਣ ਚੁੱਕੇ ਹਨ ਅਤੇ ਕਿਆਰਾ ਤੇ ਦਿਲਜੀਤ ਨੂੰ ਵੀ ਫਿਲਮ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਇਕ ਛੋਟੀ ਫਿਲਮ ਮੈਗਾ ਕਮਰਸ਼ੀਅਲ ਵਿਚ ਬਦਲ ਗਈ।

ਮੇਰੇ ਹਰ ਫੈਸਲੇ ’ਚ ਨਾਲ ਰਹੇ ਸੈਫ

ਮੈਂ ਬਤੌਰ ਅਦਾਕਾਰਾ ਆਪਣੇ ਲਈ ਕੁਝ ਵੀ ਤੈਅ ਨਹੀਂ ਕੀਤਾ। ਇਕ ਅਦਾਕਾਰ ਸਮੇਂ ਨਾਲ ਖੁਦ ਵਿਕਸਿਤ ਹੁੰਦਾ ਹੈ, ਅਸੀਂ ਇਸ ਵਿਚ ਕੁਝ ਪਲਾਨ ਵੀ ਨਹੀਂ ਕਰ ਸਕਦੇ। ਜਦੋਂ ਮੈਂ ਵਿਆਹ ਕੀਤਾ ਜਾਂ ਜਦੋਂ ਪ੍ਰੈਗਨੈਂਟ ਹੋਈ, ਮੇਰੇ ਦਿਮਾਗ ਵਿਚ ਸਿਰਫ ਇਕ ਹੀ ਗੱਲ ਸੀ ਕਿ ਮੈਂ ਆਪਣੀ ਬਿਹਤਰੀਨ ਅਦਾਕਾਰੀ ਕਰਦੀ ਜਾਵਾਂਗੀ ਪਰ ਮੈਂ ਇਸ ਲਈ ਸੈਫ ਨੂੰ ਵੀ ਸਿਹਰਾ ਦੇਣਾ ਚਾਹਾਂਗੀ। ਅਜਿਹੀ ਸਥਿਤੀ ਵਿਚ ਇਕ ਮਦਦਗਾਰ ਪਤੀ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਉਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਮੇਰੇ ਹਰ ਫੈਸਲੇ ਦਾ ਸਮਰਥਨ ਕੀਤਾ।

ਯਕੀਨ ਨਹੀਂ ਹੁੰਦਾ ਸੀ ਕਰੀਨਾ ਨਾਲ ਕਰਾਂਗਾ ਕੰਮ : ਦਿਲਜੀਤ

ਜਦੋਂ ਮੈਨੂੰ ਫਿਲਮ ਦੀ ਪੇਸ਼ਕਸ਼ ਹੋਈ ਅਤੇ ਪਤਾ ਲੱਗਾ ਕਿ ਇਸ ਵਿਚ ਕਰੀਨਾ ਵੀ ਹੈ ਤਾਂ ਪਹਿਲਾਂ ਮੈਨੂੰ ਇਸ ’ਤੇ ਯਕੀਨ ਨਹੀਂ ਹੋਇਆ ਪਰ ਜਦੋਂ ਮੈਨੂੰ ਸਕ੍ਰਿਪਟ ਮਿਲ ਗਈ ਤਾਂ ਪਤਾ ਲੱਗਾ ਕਿ ਗੱਲਬਾਤ ਬਿਲਕੁਲ ਸਹੀ ਹੈ ਅਤੇ ਮੈਂ ਇਕ ਵਾਰ ਫਿਰ ਉਸ ਦੇ ਨਾਲ ਕੰਮ ਕਰਨ ਜਾ ਰਿਹਾ ਹਾਂ। ਪੰਜਾਬੀ ਵਿਚ ਜਿਸ ਤਰ੍ਹਾਂ ਦੀ ਫਿਲਮ ਅਸੀਂ ਕਰਨਾ ਚਾਹੁੰਦੇ ਹਾਂ, ਉਹ ਬਣਾ ਲੈਂਦੇ ਹਾਂ। ਹਿੰਦੀ ਫਿਲਮਾਂ ਦੀ ਗੱਲ ਕਰਾਂ ਤਾਂ ਜੋ ਵੀ ਕੰਮ ਠੀਕ ਲੱਗ ਰਿਹਾ ਹੈ, ਉਸ ਨੂੰ ਸਿਲੈਕਟ ਕਰ ਲੈਂਦਾ ਹਾਂ। ਹੁਣ ਉਹ ਸਹੀ ਨਿਕਲੇ ਜਾਂ ਗਲਤ ਉਹ ਵੱਖਰੀ ਗੱਲ ਹੈ। ਹਰ ਫਿਲਮ ਤੁਹਾਨੂੰ ਕੁਝ ਨਾ ਕੁਝ ਸਿਖਾ ਕੇ ਜਾਂਦੀ ਹੈ ਅਤੇ ਜ਼ਰੂਰੀ ਨਹੀਂ ਕਿ ਤੁਸੀਂ ਹਰ ਚੀਜ਼ ਸਹੀ ਹੀ ਕਰੋ। ਜਦੋਂ ਤਕ ਤੁਸੀਂ ਗਲਤੀ ਨਹੀਂ ਕਰੋਗੇ, ਉਦੋਂ ਤਕ ਤੁਹਾਨੂੰ ਪਤਾ ਕਿਵੇਂ ਚੱਲੇਗਾ।

ਸੈੱਟ ’ਤੇ ਅਕਸ਼ੈ ਕੁਮਾਰ ਤੋਂ ਲੱਗਦਾ ਸੀ ਡਰ : ਕਿਆਰਾ

ਅਕਸ਼ੈ ਸੈੱਟ ’ਤੇ ਬਹੁਤ ਸਟ੍ਰਿਕਟ ਰਹਿੰਦੇ ਸਨ, ਇਸ ਲਈ ਮੈਨੂੰ ਉਨ੍ਹਾਂ ਤੋਂ ਬਹੁਤ ਡਰ ਲੱਗਦਾ ਸੀ। ਕਦੇ-ਕਦੇ ਤਾਂ ਮੈਨੂੰ ਝਿੜਕ ਵੀ ਪੈ ਜਾਂਦੀ ਸੀ ਉਨ੍ਹਾਂ ਤੋਂ ਪਰ ਮੈਂ ਖੁਦ ਨੂੰ ਬਹੁਤ ਹੀ ਭਾਗਸ਼ਾਲੀ ਮੰਨਦੀ ਹਾਂ ਕਿ ਮੈਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਅਤੇ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਤਿੰਨਾਂ ਹੀ ਕਲਾਕਾਰਾਂ ਨੇ ਮੈਨੂੰ ਕਦੇ ਇਹ ਅਹਿਸਾਸ ਨਹੀਂ ਦਿਵਾਇਆ ਕਿ ਮੈਂ ਨਵੀਂ ਹਾਂ ਜਾਂ ਫਿਰ ਇਸ ਜਾਨਰ ਦੀ ਫਿਲਮ ਪਹਿਲੀ ਵਾਰ ਕਰ ਰਹੀ ਹਾਂ। ਇਨ੍ਹਾਂ ਸਾਰਿਆਂ ਨਾਲ ਕੰਮ ਕਰਦਿਆਂ ਹੀ ਉਨ੍ਹਾਂ ਦੀ ਐਨਰਜੀ ਮੇਰੇ ਵਿਚ ਆ ਜਾਂਦੀ ਸੀ।

ਬਚਪਨ ਤੋਂ ਅਕਸ਼ੈ-ਕਰੀਨਾ ਦੀ ਫੈਨ ਹਾਂ

ਮੈਂ ਅਕਸ਼ੈ ਅਤੇ ਕਰੀਨਾ ਦੀਆਂ ਫਿਲਮਾਂ ਨੂੰ ਦੇਖਦਿਆਂ ਵੱਡੀ ਹੋਈ ਹਾਂ ਅਤੇ ਹਮੇਸ਼ਾ ਤੋਂ ਉਨ੍ਹਾਂ ਦੀ ਫੈਨ ਰਹੀ ਹਾਂ। ਮੈਨੂੰ ਫਿਲਮ ਵਿਚ ਸੈਕਿੰਡ ਲੀਡ ਰੋਲ ਕਰਨ ’ਚ ਬਿਲਕੁਲ ਕੋਈ ਮੁਸ਼ਕਲ ਨਹੀਂ ਆਈ। ਮੈਂ ਹਮੇਸ਼ਾ ਹੀ ਇਨ੍ਹਾਂ ਦੋਵਾਂ ਕਲਾਕਾਰਾਂ ਦੇ ਤਜਰਬੇ ਤੋਂ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਹੈ।

ਜ਼ਰੂਰੀ ਹੈ ਇਸ ਬਾਰੇ ਗੱਲ ਕਰਨੀ : ਅਕਸ਼ੈ

ਇਹ ਇਕ ਗੰਭੀਰ ਵਿਸ਼ਾ ਹੈ ਪਰ ਇਸ ਵਿਚ ਕਾਮੇਡੀ ਦਾ ਤੜਕਾ ਲਾਇਆ ਗਿਆ ਹੈ। ਅਸੀਂ ਇਸ ਨੂੰ ਪੇਸ਼ ਕਰਨ ਵਿਚ ਬਹੁਤ ਚੌਕਸੀ ਵਰਤੀ ਹੈ। ਕੋਈ ਇਹ ਨਹੀਂ ਕਹਿ ਸਕਦਾ ਹੈ ਕਿ ਅਜਿਹਾ ਨਹੀਂ ਹੋਇਆ ਹੈ ਕਿਉਂਕਿ ਇਹ ਹੋ ਚੁੱਕਾ ਹੈ ਅਤੇ ਜ਼ਰੂਰੀ ਹੈ ਕਿ ਅਸੀਂ ਇਸ ਅਹਿਮ ਵਿਸ਼ੇ ਬਾਰੇ ਖੁੱਲ੍ਹ ਕੇ ਗੱਲ ਕਰੀਏ।

ਜੇਕਰ ਮਰਦ ਪ੍ਰੈਗਨੈਂਟ ਹੁੰਦੇ ਤਾਂ ਬਰਦਾਸ਼ਤ ਨਹੀਂ ਕਰ ਪਾਉਂਦੇ ਦਰਦ

ਅਸੀਂ ਜਦੋਂ ਇਲੈਕਟ੍ਰਿਕ ਸਟੀਮਿਊਲੇਸ਼ਨ ਦੇ ਜ਼ਰੀਏ ਲੇਬਰਪੇਨ ਦਾ ਤਜਰਬਾ ਲਿਆ ਉਸ ਸਮੇਂ ਇੰਨੀ ਤਕਲੀਫ ਹੋਈ ਕਿ ਅਸੀਂ ਦੱਸ ਵੀ ਨਹੀਂ ਸਕਦੇ। ਅਸੀਂ ਤਾਂ ਸਿਰਫ 3-4 ਮਿੰਟ ਲਈ ਅਸਲ ਵਿਚ ਹੋਣ ਵਾਲੀ ਲੇਬਰਪੇਨ ਦਾ ਅੱਧੇ ਤੋਂ ਅੱਧਾ ਤਜਰਬਾ ਕੀਤਾ ਸੀ। ਉਦੋਂ ਮਹਿਸੂਸ ਹੋਇਆ ਕਿ ਜੇਕਰ ਅਸੀਂ ਮਰਦ ਪ੍ਰੈਗਨੈਂਟ ਹੁੰਦੇ ਤਾਂ ਇਹ ਦਰਦ ਕਦੇ ਬਰਦਾਸ਼ਤ ਨਾ ਕਰ ਸਕਦੇ।

ਲੋਕਾਂ ਦਾ ਦਿਲ ਜਿੱਤਣਾ ਜਾਣਦੇ ਹਨ ਦਿਲਜੀਤ

ਲੋਕਾਂ ਨੂੰ ਗਲਤਫਹਿਮੀ ਹੈ ਕਿ ਦਿਲਜੀਤ ਚੁੱਪਚਾਪ ਰਹਿੰਦੇ ਹਨ ਪਰ ਅਜਿਹਾ ਕੁਝ ਵੀ ਨਹੀਂ ਹੈ। ਫਿਲਮ ਦੀ ਸ਼ੂਟਿੰਗ ਦੌਰਾਨ ਦਿਲਜੀਤ ਨੇ ਸੈੱਟ ’ਤੇ ਬਹੁਤ ਹੰਗਾਮਾ ਕੀਤਾ। ਉਹ ਬਹੁਤ ਬੋਲਦੇ ਹਨ ਅਤੇ ਲੋਕਾਂ ਦਾ ਦਿਲ ਜਿੱਤਣਾ ਚਾਹੁੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News