ਕਰਨ ਔਜਲਾ ਦੇ ਕਾਫਲੇ ''ਤੇ ਭਾਰੀ ਪਈ ਟ੍ਰੈਫਿਕ ਪੁਲਸ, ਘਰ-ਘਰ ਜਾ ਕੇ ਦਿੱਤੇ ਨੋਟਿਸ

11/29/2019 11:24:42 AM

ਮੁੰਬਈ (ਬਿਊਰੋ) — ਭਾਵੇਂ ਵੱਡੇ ਘਰਾਂ ਦੇ ਕਾਕੇ, ਨਿਯਮ ਤੋੜਨ ਵਾਲੇ ਬਖਸ਼ੇ ਨਹੀਂ ਜਾਣਗੇ... ਨੂੰ ਲੈ ਕੇ ਮੋਹਾਲੀ ਟ੍ਰੈਫਿਕ ਪੁਲਸ ਵਲੋਂ ਕਾਰਵਾਈ ਤੇਜ ਕਰ ਦਿੱਤੀ ਗਈ ਹੈ। ਪੰਜਾਬੀ ਗਾਇਕ ਕਰਨ ਔਜਲਾ ਦੇ ਕਾਫਲੇ 'ਚ 5 ਗੱਡੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਬਆਏਹੈਂਡ ਨੋਟਿਸ ਦਿੱਤੇ ਗਏ ਹਨ। ਖਾਸ ਤੌਰ 'ਤੇ ਨੋਟਿਸ ਦੇਣ ਗਏ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਇਨ੍ਹਾਂ ਨੋਟਿਸਾਂ ਦੀ ਰਿਸੀਵਿੰਗ ਵੀ ਕਰਵਾਈ। ਇਸ ਨੋਟਿਸ ਮੁਤਾਬਕ 48 ਘੰਟਿਆਂ 'ਚ ਗੱਡੀਆਂ ਦੇ ਮਾਲਕਾਂ ਨੂੰ ਆਪਣੇ ਬਿਆਨ ਪੁਲਸ ਨੂੰ ਦਰਜ ਕਰਵਾਉਣੇ ਹੋਣਗੇ। ਇਸ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਡੀ. ਐੱਸ. ਪੀ. ਟ੍ਰੈਫਿਕ ਗੁਰਇਕਬਾਲ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਪੁਲਸ ਨੇ ਬੀਤੇ ਦਿਨੀਂ 5 ਕਾਰ ਮਾਲਕਾਂ ਨੂੰ ਬਆਏਹੈਂਡ ਨੋਟਿਸ ਰਿਸੀਵ ਕਰਵਾਏ ਹਨ।

10 ਗੱਡੀਆਂ ਦੇ ਨੰਬਰ ਆਏ ਸਾਹਮਣੇ
ਡੀ. ਐੱਸ. ਪੀ. ਟ੍ਰੈਫਿਕ ਤੇ ਕੇਸ ਦੇ ਜਾਂਚ ਅਧਿਕਾਰੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਫਿਲਹਾਲ 10 ਗੱਡੀਆਂ ਦੇ ਨੰਬਰ ਸਾਹਮਣੇ ਆਏ ਹਨ। ਇਨ੍ਹਾਂ ਨੰਬਰਾਂ ਦੀ ਪਛਾਣ ਗਾਇਕ ਕਰਨ ਔਜਲਾ ਤੇ ਕੁਝ ਨੋਜਵਾਨਾਂ ਵਲੋਂ ਵਾਇਰਲ ਹੋਈਆਂ ਵੀਡੀਓ ਤੋਂ ਹੀ ਕੀਤੀ ਗਈ ਹੈ। ਹਾਲਾਂਕਿ ਕਈ ਗੱਡੀਆਂ ਦੇ ਨੰਬਰ ਅਧੂਰੇ ਹਨ ਕਿਉਂਕਿ ਕਿਸੇ ਦੀ ਨੰਬਰ ਪਲੇਟ ਤੋਂ ਇਕ ਅੱਖਰ ਤੇ ਕਿਸੇ ਦੀ ਤੋਂ 2 ਅੱਖਰਾਂ ਦਾ ਪਤਾ ਹੀ ਨਹੀਂ ਲੱਗ ਰਿਹਾ। ਇਸ ਲਈ ਪੁਲਸ ਇਨ੍ਹਾਂ ਗੱਡੀਆਂ ਦੇ ਨੰਬਰ ਸਾਫ ਕਰਵਾਉਣ 'ਚ ਜੁੱਟੀ ਹੋਈ ਹੈ। ਜਿੰਨੀਆਂ ਗੱਡੀਆਂ ਦਾ ਹਾਲੇ ਤੱਕ ਪਤਾ ਲੱਗਾ ਹੈ, ਉਨ੍ਹਾਂ 'ਚ ਮਰਸੀਡੀਜ਼, ਜਾਗੂਆਰ ਅਤੇ ਆਡੀ ਵਰਗੀਆਂ ਲਗਜ਼ਰੀ ਕਾਰਾਂ ਸ਼ਾਮਲ ਹਨ।

ਡੀ. ਐੱਸ. ਪੀ. ਗੁਰਇਕਬਾਲ ਸਿੰਘ ਨੇ ਦਿੱਤੀ ਜਾਣਕਾਰੀ
ਡੀ. ਐੱਸ. ਪੀ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਜਿਹੜੇ ਨੋਟਿਸ ਕਾਰ ਮਾਲਕਾਂ ਨੂੰ ਰਿਸੀਵ ਕਰਵਾਏ ਹਨ, ਉਨ੍ਹਾਂ 'ਚ ਇਹੀ ਲਿਖਿਆ ਹੈ ਕਿ ਉਨ੍ਹਾਂ ਦੀ ਗੱਡੀ ਚਾਲਕ ਦੁਆਰਾ ਮੋਹਾਲੀ 'ਚ ਨਾ ਸਿਰਫ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਗਈ ਸਗੋਂ ਹੋਰਨਾਂ ਵਾਹਨ ਚਾਲਕਾਂ ਨੂੰ ਵੀ ਪ੍ਰੇਸ਼ਾਨ ਕੀਤਾ। ਇਸ ਲਈ ਇਸ ਨੋਟਿਸ ਨੂੰ ਮਿਲਣ ਦੇ ਨਾਲ ਹੀ 48 ਘੰਟਿਆਂ ਅੰਦਰ ਸੈਕਟਰ-76 ਸਥਿਤ ਐੱਸ. ਐੱਸ. ਪੀ. ਨਗਰ ਦੇ ਦਫਤਰ ਸਥਿਤ ਡੀ. ਐੱਸ. ਪੀ. ਟ੍ਰੈਫਿਕ ਨੂੰ ਆ ਕੇ ਬਿਆਨ ਦਰਜ ਕਰਵਾਉਣ। ਹੁਣ ਇਨ੍ਹਾਂ 5 ਕਾਰ ਮਾਲਕਾਂ ਨੇ ਆਪਣੇ ਬਿਆਨ ਦਰਜ ਕਰਵਾਉਣੇ ਹਨ।

ਕਾਫਲੇ 'ਚ ਸ਼ਾਮਲ ਵਾਹਨ ਚਾਲਕਾਂ ਨੇ ਖੂਬ ਮਚਾਇਆ ਸੀ ਹੜਕਪ
22 ਨਵੰਬਰ ਦੀ ਦੁਪਿਹਰ ਪੰਜਾਬੀ ਗਾਇਕ ਕਰਨ ਔਜਲਾ ਮੋਹਾਲੀ ਏਅਰਪੋਰਟ 'ਤੇ ਉਤਰੇ ਸਨ। ਕਰਨ ਔਜਲਾ ਨੂੰ ਲੈਣ ਲਈ ਸੈਂਕੜੇ ਪ੍ਰਸ਼ੰਸਕ ਪਹੁੰਚੇ ਸਨ। ਏਅਰਪੋਰਟ ਤੋਂ ਨਿਕਲਦੇ ਹੀ ਜਿਥੇ ਕਰਨ ਔਜਲਾ ਨੇ ਚੱਲਦੀ ਕਾਰ ਦੇ ਸਨਰੂਫ ਤੋਂ ਬਾਹਰ ਨਿਕਲ ਕੇ ਆਪਣੀ ਵੀਡੀਓ ਬਣਾਈ ਤੇ ਲਾਈਵ ਹੋਏ। ਉਥੇ ਹੀ ਉਨ੍ਹਾਂ ਨੂੰ ਦੇਖ ਕੇ ਕਾਫਲੇ 'ਚ ਸ਼ਾਮਲ ਹੋਏ ਫੈਨਜ਼ ਨੇ ਵੀ ਅਜਿਹਾ ਹੀ ਕੀਤਾ। ਹੱਥਾਂ 'ਚ ਕਰਨ ਔਜਲਾ ਦੇ ਪੋਸਟਰ ਲੈ ਕੇ ਫੈਨਜ਼ ਹੂਟਿੰਗ ਕਰਦੇ ਨਜ਼ਰ ਆਏ, ਰੈੱਡ ਲਾਈਟ ਜੰਪ ਕੀਤੀਆਂ, ਬਾਕੀ ਵਾਹਨਾਂ ਨੂੰ ਰਾਸਤਾ ਨਹੀਂ ਦਿੱਤਾ, ਤੇਜ ਹਾਰਨ ਤੇ ਹੂਟਰ ਤੱਕ ਚਲਾਏ। ਯਾਨੀ ਕਿ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News