ਸੂਫੀ ਗਾਇਕ ਤੇ ਭਾਜਪਾ ਸਾਂਸਦ ਹੰਸ ਰਾਜ ਹੰਸ ਦੀ ਮਾਤਾ ਨਮਿਤ ਸ਼ਰਧਾਂਜਲੀ ਸਮਾਗਮ ਅੱਜ

12/15/2019 11:30:33 AM

ਜਲੰਧਰ (ਮਹੇਸ਼)- ਪ੍ਰਸਿੱਧ ਸੂਫੀ ਗਾਇਕ ਤੇ ਭਾਜਪਾ ਸਾਂਸਦ ਹੰਸ ਰਾਜ ਹੰਸ ਦੇ ਮਾਤਾ ਮਾਤਾ ਸਰਦਾਰਨੀ ਅਜੀਤ ਕੌਰ ਧਰਮਪਤਨੀ ਸਵ. ਅਰਜੁਨ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ 15 ਦਸੰਬਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਦੇਸ਼ ਭਗਤ ਯਾਦਗਾਰ ਹਾਲ ਨਜ਼ਦੀਕ ਬੀ. ਐੱਮ. ਸੀ. ਚੌਕ ਜਲੰਧਰ ਵਿਖੇ ਹੋਵੇਗਾ। ਇਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਹਿੰਦੋਸਤਾਨ ਦੇ ਉੱਚ ਧਾਰਮਿਕ, ਸਮਾਜਿਕ ਅਤੇ ਸਿਆਸੀ ਨੁਮਾਇੰਦੇ ਸ਼ਿਰਕਤ ਕਰਨਗੇ। ਸਵ. ਮਾਤਾ ਸਰਦਾਰਨੀ ਅਜੀਤ ਕੌਰ ਦਾ ਜਨਮ 1934 ਵਿਚ ਪਾਕਿਸਤਾਨ ’ਚ ਹੋਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਲੋਹੀਆਂ ਨੇੜੇ ਪਿੰਡ ਨਲਮਾਣਕ ਵਿਖੇ ਆ ਵਸਿਆ। ਉਨ੍ਹਾਂ ਦਾ ਵਿਆਹ ਸ. ਅਰਜੁਨ ਸਿੰਘ ਨਾਲ ਹੋਇਆ। ਉਨ੍ਹਾਂ ਦੇ ਚਾਰ ਸਪੁੱਤਰ ਹੰਸ ਰਾਜ ਹੰਸ ਐੱਮ. ਪੀ., ਹਰਬੰਸ ਸਿੰਘ, ਅਮਰੀਕ ਸਿੰਘ ਅਤੇ ਪਰਮਜੀਤ ਸਿੰਘ ਅਤੇ ਦੋ ਸਪੁੱਤਰੀਆਂ ਹਰਬੰਸ ਕੌਰ ਅਤੇ ਦਰਸ਼ਨ ਕੌਰ ਹਨ।
ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਅਤੇ ਈਮਾਨਦਾਰੀ, ਮਿਹਨਤ ਅਤੇ ਸੱਚਾਈ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ, ਜਿਸ ਨਾਲ ਉਨ੍ਹਾਂ ਨੇ ਉੱਚ ਮੁਕਾਮ ਹਾਸਲ ਕੀਤੇ। ਉਨ੍ਹਾਂ ਨੇ ਆਪਣੀਆਂ ਨੂੰਹਾਂ ਨੂੰ ਧੀਆਂ ਵਾਂਗ ਪਿਆਰ ਦਿੱਤਾ। ਉਨ੍ਹਾਂ ਦੀ ਨੂੰਹ ਰੇਸ਼ਮ ਕੌਰ ਧਰਮਪਤਨੀ ਐੱਮ. ਪੀ. ਹੰਸ ਰਾਜ ਹੰਸ ਵੀ ਉਨ੍ਹਾਂ ਨੂੰ (ਅਜੀਤ ਕੌਰ) ਆਪਣੀ ਮਾਂ ਵਾਂਗ ਹੀ ਦੇਖਦੇ ਸਨ ਅਤੇ ਉਨ੍ਹਾਂ ਦਾ ਫਿਕਰ ਕਰਦੇ ਸਨ। ਦੋਵਾਂ ਨੂੰ ਦੇਖ ਕੇ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਇਹ ਮਾਂ-ਧੀ ਹੈ ਜਾਂ ਫਿਰ ਨੂੰਹ-ਸੱਸ।
ਉਹ ਆਪਣੇ ਬੇਟੇ ਹੰਸ ਦੇ ਨਾਲ-ਨਾਲ ਪੋਤਰਿਆਂ ਨਵਰਾਜ ਅਤੇ ਯੁਵਰਾਜ ਦੇ ਗਾਏ ਹੋਏ ਗੀਤਾਂ ਨੂੰ ਸੁਣ ਕੇ ਇਹ ਮਹਿਸੂਸ ਕਰਦੇ ਸਨ ਕਿ ਸਮਾਂ ਕਿਵੇਂ ਬੀਤ ਗਿਆ, ਉਨ੍ਹਾਂ ਨੂੰ ਪਤਾ ਹੀ ਨਹੀਂ ਚੱਲਿਆ। ਪੂਰੇ ਪਰਿਵਾਰ ਵਿਚ ਉਹ ਬੀਬੀ ਜੀ ਦੇ ਨਾਂ ਨਾਲ ਮਸ਼ਹੂਰ ਸਨ ਕਿਉਂਕਿ ਉਨ੍ਹਾਂ ਨੇ ਪੂਰੇ ਪਰਿਵਾਰ ਨੂੰ ਇਕ ਹਾਰ ਵਿਚ ਇਸ ਤਰ੍ਹਾਂ ਪਰੋ ਕੇ ਰੱਖਿਆ ਹੋਇਆ ਸੀ ਕਿ ਉਨ੍ਹਾਂ ਦੇ ਦਿਓਰ-ਜੇਠ ਤੱਕ ਘਰ ਦੇ ਸਾਰੇ ਮੈਂਬਰ ਹੀ ਬੀਬੀ ਜੀ ਕਹਿ ਕੇ ਬਹੁਤ ਖੁਸ਼ੀ ਮਹਿਸੂਸ ਕਰਦੇ ਸਨ।
ਨਵੀਂ ਦਿੱਲੀ ਤੋਂ ਰਿਕਾਰਡ ਤੋੜ ਵੋਟਾਂ ਦੇ ਫਰਕ ਨਾਲ ਭਾਜਪਾ ਦੇ ਐੱਮ. ਪੀ. ਚੁਣੇ ਗਏ ਰਾਜ ਗਾਇਕ ਪਦਮਸ਼੍ਰੀ ਹੰਸ ਰਾਜ ਹੰਸ ਵੀ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਮਾਂ ਸਰਦਾਰਨੀ ਅਜੀਤ ਕੌਰ ਨੂੰ ਦਿੰਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਂ ਨੇ ਹਮੇਸ਼ਾ ਉਨ੍ਹਾਂ ਦੇ ਹੌਸਲੇ ਨੂੰ ਮਜ਼ਬੂਤ ਕੀਤਾ, ਜਿਸ ਕਾਰਨ ਉਹ ਸਫਲਤਾ ਦੀਆਂ ਮੰਜ਼ਿਲਾਂ ਨੂੰ ਪਾਰ ਕਰਦੇ ਹੋਏ ਅੱਗੇ ਵਧਦੇ ਗਏ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News