‘ਇਕੋ ਮਿੱਕੇ’ ਦਾ ਟਰੇਲਰ ਬਣਿਆ ਸਭ ਦੀ ਪਸੰਦ, 13 ਮਾਰਚ ਨੂੰ ਰਿਲੀਜ਼ ਹੋਵੇਗੀ ਫਿਲਮ

2/23/2020 9:40:32 AM

ਜਲੰਧਰ(ਬਿਊਰੋ)- ਸਤਿੰਦਰ ਸਰਤਾਜ ਦੀ ਗਾਇਕੀ ਵਾਂਗ ਉਸ ਦੀ ਫਿਲਮ ਵੀ ਆਮ ਨਹੀਂ ਬਲਕਿ ਖਾਸ ਹੋਵੇਗੀ। ਪੰਜਾਬੀ ਗਾਇਕੀ ’ਚ ਵੱਖਰੀਆਂ ਪੈੜਾਂ ਪਾਉਣ ਵਾਲੇ ਨਾਮਵਰ ਗਾਇਕ, ਗੀਤਕਾਰ ਤੇ ਹੁਣ ਅਦਾਕਾਰ ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫਿਲਮ ‘ਇਕੋ ਮਿੱਕੇ’ ਦੇ ਟਰੇਲਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਦਰਸ਼ਕ ਲੀਕ ਤੋਂ ਹਟਵਾਂ ਕੁਝ ਦੇਖਣਾ ਲੋਚਦੇ ਹਨ। ਹਾਲ ਹੀ ’ਚ ਰਿਲੀਜ਼ ਹੋਏ ਇਸ ਫਿਲਮ ਦੇ ਟਰੇਲਰ ਨੂੰ ਹਰ ਪਾਸਿਓਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। 13 ਮਾਰਚ ਨੂੰ ਰਿਲੀਜ਼ ਹੋ ਰਹੀ ਇਸ ਪੰਜਾਬੀ ਫਿਲਮ ਜ਼ਰੀਏ ਸਤਿੰਦਰ ਸਰਤਾਜ ਪੰਜਾਬੀ ਫਿਲਮ ਜਗਤ ਦੇ ਵਿਹੜੇ ’ਚ ਆਪਣਾ ਪਹਿਲਾ ਕਦਮ ਰੱਖਣ ਜਾ ਰਹੇ ਹਨ। ਨੌਜਵਾਨ ਫਿਲਮ ਨਿਰਦੇਸ਼ਕ ਪੰਕਜ ਵਰਮਾ ਦੀ ਲਿਖੀ ਅਤੇ ਨਿਰਦੇਸ਼ਿਤ ਇਸ ਫਿਲਮ ਦਾ ਟਰੇਲਰ ਸ਼ੁੱਕਰਵਾਰ ਨੂੰ ‘ਸਾਗਾ ਮਿਊਜ਼ਿਕ’ ਦੇ ਯੂ-ਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਦਾ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਇਸ ਫਿਲਮ ’ਚ ਸਤਿੰਦਰ ਸਰਤਾਜ ਦੀ ਹੀਰੋਇਨ ਬਾਲੀਵੁੱਡ ਅਦਾਕਾਰਾ ਅਦਿੱਤੀ ਸ਼ਰਮਾ ਹੈ। ਦੋਵਾਂ ਤੋਂ ਇਲਾਵਾ ਫਿਲਮ ’ਚ ਸਰਦਾਰ ਸੋਹੀ, ਮਹਾਵੀਰ ਭੁੱਲਰ, ਸ਼ਿਵਾਨੀ ਸੈਣੀ, ਵੰਦਨਾ ਸ਼ਰਮਾ, ਬੇਗੋ ਬਲਵਿੰਦਰ, ਵਿਜੇ ਕੁਮਾਰ, ਨਵਦੀਪ ਕਲੇਰ, ਮਨਿੰਦਰ ਵੈਲੀ, ਰਾਜ ਧਾਲੀਵਾਲ ਤੇ ਉਮੰਗ ਸ਼ਰਮਾ ਸਮੇਤ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣਗੇ।


ਫਿਲਮ ਦੇ ਟਰੇਲਰ ਮੁਤਾਬਕ

ਇਹ ਫਿਲਮ ਇਕ ਅਜਿਹੇ ਜੋੜੇ ਦੀ ਕਹਾਣੀ ਹੈ, ਜੋ ਪ੍ਰੇਮ ਵਿਆਹ ਕਰਵਾਉਂਦਾ ਹੈ। ਦੋਵਾਂ ’ਚ ਗੂੜ੍ਹੀ ਮੁਹੱਬਤ ਹੁੰਦੀ ਹੈ ਪਰ ਵਿਆਹ ਤੋਂ ਬਾਅਦ ਜ਼ਿੰਦਗੀ ਦੇ ਝੁਮੇਲੇ ਅਤੇ ਤਕਰਾਰ ਸ਼ੁਰੂ ਹੋ ਜਾਂਦੇ ਹਨ। ਦੋਵਾਂ ਦੀਆਂ ਇਕ-ਦੂਜੇ ਤੋਂ ਵੱਡੀਆਂ ਉਮੀਦਾਂ ਦੋਵਾਂ ਦੀ ਖੁਸ਼ਹਾਲ ਜ਼ਿੰਦਗੀ ’ਚੋਂ ਰੌਣਕ ਗਾਇਬ ਕਰ ਦਿੰਦੀਆਂ ਹਨ। ਇਕ ਦਿਨ ਦੋਵੇਂ ਜਣੇ ਇਕ ਵੱਡੇ ਸੜਕ ਹਾਦਸੇ ’ਚ ਮਰ ਜਾਂਦੇ ਹਨ। ਦੋਵਾਂ ਦੀ ਮੌਤ ਤੋਂ ਬਾਅਦ ਕਹਾਣੀ ਖਤਮ ਨਹੀਂ ਹੁੰਦੀ ਬਲਕਿ ਅਸਲ ਕਹਾਣੀ ਸ਼ੁਰੂ ਹੁੰਦੀ ਹੈ। ਆਖਿਰ ਹੁੰਦਾ ਕੀ ਹੈ, ਇਹ ਟਰੇਲਰ ’ਚ ਨਹੀਂ ਦਿਖਾਇਆ ਗਿਆ। ਇਹੀ ਫ਼ਿਲਮ ਦਾ ਅਹਿਮ ਪਹਿਲੂ ਹੈ। ਫ਼ਿਲਮ ਦੀ ਟੀਮ ਮੁਤਾਬਕ ਦਰਸ਼ਕਾਂ ਨੂੰ ਇਸ ਫ਼ਿਲਮ ’ਚ ਸਰਤਾਜ ਦੀ ਗਾਇਕੀ ਵਾਂਗ ਹੀ ਅਦਾਕਾਰੀ ਦੇ ਵੀ ਵੱਖਰੇ ਰੰਗ ਦੇਖਣ ਨੂੰ ਮਿਲਣਗੇ। ਸਰਤਾਜ ਦੀ ਗਾਇਕੀ ਵਾਂਗ ਇਹ ਫ਼ਿਲਮ ਵੀ ਆਮ ਨਹੀਂ ਬਲਕਿ ਪੰਜਾਬੀ ਫਿਲਮਾਂ ਨਾਲੋਂ ਹਰ ਪੱਖੋਂ ਵੱਖਰੀ ਫ਼ਿਲਮ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News