IFFI 2019 ''ਚ ਅਮਿਤਾਭ ਦਾ ਦਬਦਬਾ ਬਰਕਰਾਰ, 6 ਵੱਡੀਆਂ ਫਿਲਮਾਂ ਸ਼ਾਮਲ

11/23/2019 10:12:24 AM

ਗੋਆ (ਕੁਲਦੀਪ ਸਿੰਘ ਬੇਦੀ) : '50ਵੇਂ ਕੌਮਾਂਤਰੀ ਫਿਲਮ ਫੈਸਟੀਵਲ' ਵਿਚ ਫਿਲਮਾਂ ਦਾ ਪ੍ਰਦਰਸ਼ਨ ਜਾਰੀ ਹੈ ਅਤੇ ਔਰਤਾਂ ਨਾਲ ਵਿਤਕਰੇ ਅਤੇ ਤਸ਼ੱਦਦ ਦੀਆਂ ਫਿਲਮਾਂ ਵੱਡੀ ਗਿਣਤੀ ਵਿਚ ਦੇਖਣ ਨੂੰ ਮਿਲ ਰਹੀਆਂ ਹਨ। ਅੱਜ ਉੱਤਰ ਪ੍ਰਦੇਸ਼ ਵਿਚ ਔਰਤਾਂ ਦੀ ਜਥੇਬੰਦੀ ਗੁਲਾਬੀ ਗੈਂਗ ਦੇ ਮੁਖੀ ਸੰਪਤਪਾਲ ਦੀ ਜ਼ਿੰਦਗੀ 'ਤੇ ਆਧਾਰਤ ਦਸਤਾਵੇਜ਼ੀ ਅਤੇ ਬਾਇਓਪਿਕ ਫਿਲਮ 'ਪਿੰਕ ਸਾੜ੍ਹੀਜ਼' ਦੇਖਣ ਨੂੰ ਮਿਲੀ। ਗੁਲਾਬੀ ਗੈਂਗ, ਗੁਲਾਬੀ ਸਾੜ੍ਹੀ ਪਹਿਨਣ ਵਾਲੀਆਂ ਉਨ੍ਹਾਂ ਔਰਤਾਂ ਨੇ ਬਣਾਇਆ ਸੀ, ਜੋ ਸਮਾਜ ਵਿਚ ਔਰਤਾਂ 'ਤੇ ਹੋ ਰਹੇ ਜ਼ੁਲਮਾਂ ਨਾਲ ਲੜਦਾ ਹੈ। ਇਸ ਗੈਂਗ ਦੀ ਮੁਖੀ ਨੂੰ ਸੰਪਤ ਪਾਲ ਦੀ ਇਸ ਕਹਾਣੀ ਵਿਚ ਦਿਖਾਇਆ ਗਿਆ ਹੈ, ਜਦੋਂ ਉਹ 12 ਸਾਲ ਦੀ ਉਮਰ ਵਿਚ ਵਿਆਹੀ ਜਾਂਦੀ ਹੈ, ਉਸ ਦਾ ਸਹੁਰਾ ਪਰਿਵਾਰ ਤੰਗ ਕਰਦਾ ਹੈ ਤਾਂ ਉਹ ਉਨ੍ਹਾਂ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੀ ਹੈ ਅਤੇ ਪਿੰਡ ਦੇ ਕਾਨੂੰਨ ਨੂੰ ਨਹੀਂ ਚੱਲਣ ਦਿੰਦੀ। ਆਪਣੇ ਚਾਰ ਬੱਚਿਆਂ ਨੂੰ ਲੈ ਕੇ ਦਰ-ਦਰ ਦੀਆਂ ਠੋਕਰਾਂ ਖਾਣ ਿਪੱਛੋਂ ਗੁਲਾਬੀ ਗੈਂਗ ਨਾਂ ਦਾ ਸੰਗਠਨ ਬਣਾਉਂਦੀ ਹੈ ਅਤੇ ਔਰਤਾਂ 'ਤੇ ਹੁੰਦੇ ਜ਼ੁਲਮ ਅਤੇ ਜਾਤੀਵਾਦ ਦੇ ਵਿਤਕਰੇ ਵਿਰੁੱਧ ਖੜ੍ਹੀ ਹੋ ਜਾਂਦੀ ਹੈ। ਇਸ ਫਿਲਮ ਦੀ ਨਿਰਦੇਸ਼ਿਕਾ ਕਿਮ ਲੌਂਗਿਨੋਤੋ ਹੈ, ਜਿਸ ਨੇ ਲੰਡਨ ਵਿਚ ਪੜ੍ਹਾਈ ਕੀਤੀ ਅਤੇ ਫਿਰ ਨੈਸ਼ਨਲ ਸਕੂਲ ਆਫ ਡਰਾਮਾ ਐਂਡ ਫਿਲਮਜ਼ ਤੋਂ ਡਾਇਰੈਕਸ਼ਨ ਅਤੇ ਸਿਨਮਾਟੋਗ੍ਰਾਫੀ ਦਾ ਡਿਪਲੋਮਾ ਕੀਤਾ। ਉਸ ਨੇ ਬਹੁਤ ਸਾਰੀਆਂ ਦਸਤਾਵੇਜ਼ੀ ਫਿਲਮਾਂ ਸ਼ੂਟ ਵੀ ਕੀਤੀਆਂ। 'ਪਿੰਕ ਸਾੜ੍ਹੀਜ਼' ਫਿਲਮ ਮੁੰਬਈ ਇੰਟਰਨੈਸ਼ਨਲ ਫਿਲਮੀ ਮੇਲੇ ਵਿਚੋਂ ਬੈਸਟ ਫਿਲਮ ਦਾ ਖਿਤਾਬ ਹਾਸਲ ਕਰ ਚੁੱਕੀ ਹੈ।

ਯੂ. ਕੇ. ਦੀ ਇਕ ਹੋਰ ਫਿਲਮ 'ਦਿ ਬੋਸਟੀਅਨਸ' ਵੀ ਲਿੰਗਕ ਵਿਤਕਰੇ ਦੇ ਵਿਰੁੱਧ ਆਵਾਜ਼ ਉਠਾਉਣ ਵਾਲੀ ਇਕ ਹੋਰ ਫਿਲਮ ਹੈ, ਜੋ 1984 ਵਿਚ ਬਣੀ ਅਤੇ ਜਿਸ ਨੂੰ ਨਿਰਦੇਸ਼ਕ ਜੇਮਸ ਆਈਵਰੀ ਨੇ ਡਾਇਰੈਕਟ ਕੀਤਾ। ਇਹ ਫਿਲਮ ਹੈਨਰੀ ਜੇਮਸ ਦੇ ਨਾਵਲ 'ਤੇ ਆਧਾਰਿਤ ਹੈ ਅਤੇ 19ਵੀਂ ਸਦੀ 'ਚ ਵਾਪਰੀਆਂ ਘਟਨਾਵਾਂ ਨੂੰ ਪੇਸ਼ ਕਰਦੀ ਹੈ। ਇਹ ਇਕ ਖੁਸ਼ਹਾਲ ਵਰਗ ਦੀ ਕਹਾਣੀ ਹੈ, ਜਿਥੋਂ ਦੀ ਇਕ ਔਰਤ, ਔਰਤਾਂ ਨੂੰ ਮਰਦ ਦੇ ਬਰਾਬਰ ਅਧਿਕਾਰ ਦੇਣ ਦੀ ਮੰਗ ਕਰਦੀ ਹੈ। ਇਸ ਦੇ ਨਾਲ-ਨਾਲ ਤਿਕੌਣੇ ਪ੍ਰੇਮ ਨੂੰ ਵੀ ਦਿਖਾਇਆ ਗਿਆ ਹੈ। ਫਿਲਮ ਦੀ ਹੀਰੋਇਨ ਵਰੇਨਾ ਨੂੰ ਆਪਣੇ ਅਟਾਰਨੀ ਹੈਨਰੀ ਬਰੇਜ ਨਾਲ ਅਥਾਹ ਮੁਹੱਬਤ ਹੈ।

ਗੋਆ ਦੇ ਇਸ ਕੌਮਾਂਤਰੀ ਫਿਲਮੀ ਮੇਲੇ ਵਿਚ ਇੰਟਰਨੈਸ਼ਨਲ ਕੰਪੀਟੀਸ਼ਨ 'ਚ ਦਿਖਾਈਆਂ ਜਾਣ ਵਾਲੀਆਂ 15 ਫਿਲਮਾਂ ਹਨ, ਜਦੋਂਕਿ ਬੈਸਟ ਡੈਬਿਟ ਫੀਚਰ ਫਿਲਮ (ਡਾਇਰੈਕਟਰਜ਼) ਦੀਆਂ 7 ਫਿਲਮਾਂ, ਗਾਂਧੀ ਮੈਡਲ ਪ੍ਰਾਪਤ ਕਰ ਚੁੱਕੀਆਂ 8 ਅਤੇ ਵਰਲਡ ਪੈਨੋਰਮਾ ਦੀਆਂ 52 ਫਿਲਮਾਂ ਦਿਖਾਈਆਂ ਜਾਣੀਆਂ ਹਨ। ਇੰਡੀਅਨ ਪੈਨੋਰਮਾ ਵਿਚ ਜੂਰੀ ਵਲੋਂ ਪਾਸ ਕੀਤੀਆਂ ਦੋ ਦਰਜਨ ਫਿਲਮਾਂ ਸ਼ਾਮਲ ਹਨ। ਨਾਨ ਫੀਚਰ ਫਿਲਮਾਂ ਵਿਚ ਪੰਦਰਾਂ ਫਿਲਮਾਂ ਹਨ, ਜਦੋਂਕਿ ਦਾਦਾ ਸਾਹਿਬ ਫਾਲਕੇ ਐਵਾਰਡ ਪ੍ਰਾਪਤ ਕਰਨ ਵਾਲੇ ਅਮਿਤਾਭ ਬੱਚਨ ਦੀਆਂ 6 ਵੱਡੀਆਂ ਫਿਲਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇੰਡੀਅਨ ਨਿਊ ਸਿਨੇਮਾ ਕੈਟਾਗਰੀ ਵਿਚ 'ਅੰਕੁਰ', 'ਭੂਮਿਕਾ', 'ਭੁਵਨ ਸ਼ੈਮ', 'ਦੁਵਿਧਾ', 'ਤਰੰਗ' ਅਤੇ 'ਉਸ ਕੀ ਰੋਟੀ' ਵਰਗੀਆਂ ਫਿਲਮਾਂ ਸ਼ਾਮਲ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News