ਗੋਆ ''ਚ 50ਵੇਂ ਕੌਮਾਂਤਰੀ ਫਿਲਮ ਫੈਸਟੀਵਲ ਦੀ ਸ਼ੁਰੂਆਤ, 200 ਤੋਂ ਵੱਧ ਫਿਲਮਾਂ ਦਾ ਹੋਵੇਗਾ ਪ੍ਰਦਰਸ਼ਨ

11/21/2019 2:23:28 PM

ਗੋਆ (ਕੁਲਦੀਪ ਸਿੰਘ ਬੇਦੀ) – ਬੀਤੇ ਦਿਨੀਂ ਗੋਆ ਵਿਚ 50ਵਾਂ ਕੌਮਾਂਤਰੀ ਫਿਲਮ ਫੈਸਟੀਵਲ ਦਾ ਸ਼ੁੱਭ ਆਰੰਭ ਹੋ ਚੁੱਕਿਆ ਹੈ, ਜਿਸ ਵਿਚ ਕੁਝ ਫਿਲਮੀ ਹਸਤੀਆਂ ਦਾ ਸਨਮਾਨ ਕੀਤਾ ਗਿਆ। ਸ਼ਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ ਵਿਚ ਦੁਪਹਿਰ ਸਮੇਂ ਇਹ ਸਮਾਗਮ ਆਰੰਭ ਹੋਇਆ, ਜਿਸ ਨੂੰ ਪ੍ਰਸਿੱਧ ਨਿਰਮਾਤਾ ਨਿਰਦੇਸ਼ਕ ਨੇ ਆਪਣੀ ਦਮਦਾਰ ਆਵਾਜ਼ ਨਾਲ ਚਲਾਇਆ। ਇਸ ਵਾਰ ਦਾ 50ਵਾਂ ਫੈਸਟੀਵਲ ਰੂਸੀ ਫਿਲਮਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਸਮਾਗਮ 'ਚ ਕਰਨ ਜੌਹਰ ਨੇ ਕਿਹਾ ਕਿ ਭਾਰਤ ਨੂੰ ਦੂਜੇ ਦੇਸ਼ਾਂ ਨਾਲ ਰਲ ਕੇ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ। ਸਮਾਗਮ ਵਿਚ ਸ਼ਾਮਲ ਹੋਏ ਅਮਿਤਾਭ ਬੱਚਨ, ਰਜਨੀਕਾਂਤ, ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਗੋਆ ਦੇ ਮੁੱਖ ਮੰਤਰੀ ਨੇ ਰੂਸੀ ਹੀਰੋਇਨ ਈਸਾਬੇਲ ਹਪਰਟ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ। ਇਸ ਸਨਮਾਨ ਵਿਚ 15 ਲੱਖ ਰੁਪਏ ਦੀ ਰਾਸ਼ੀ ਸ਼ਾਮਲ ਹੈ। ਇਸੇ ਮੌਕੇ ਸਾਊਥ ਦੀਆਂ ਅਤੇ ਹਿੰਦੀ ਫਿਲਮਾਂ ਦੇ ਹੀਰੋ ਰਜਨੀਕਾਂਤ ਨੂੰ ਆਈਕੋਨ ਆਫ ਦਿ ਯੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਚਾਂਦੀ ਦੇ ਪੀਕਾਕ ਨਾਲ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਈਸਾਬੇਲ ਹਪਰਟ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਆਸ ਹੈ ਕਿ ਭਾਰਤ ਅਤੇ ਰੂਸ ਰਲ ਕੇ ਫਿਲਮ ਇੰਡਸਟਰੀ ਨੂੰ ਉਤਸ਼ਾਹਿਤ ਕਰਨਗੇ। ਇਹ ਵੀ ਭਰੋਸਾ ਪ੍ਰਗਟਾਇਆ ਗਿਆ ਕਿ ਭਾਰਤ ਦੇ ਜਿਹੜੇ ਫਿਲਮਮੇਕਰ ਰੂਸ ਵਿਚ ਆਪਣੀਆਂ ਫਿਲਮਾਂ ਫਿਲਮਾਉਣਗੇ, ਉਨ੍ਹਾਂ ਨੂੰ 40 ਫੀਸਦੀ ਸਬਸਿਡੀ ਦਿੱਤੀ ਜਾਏਗੀ। ਉਦਘਾਟਨੀ ਸਮਾਗਮ ਨਾਲ ਫਿਲਮੀ ਮੇਲੇ ਦੀ ਰਸਮੀ ਤੌਰ 'ਤੇ ਆਰੰਭਤਾ ਹੋਈ।

Image

200 ਫਿਲਮਾਂ ਤੇ ਹਜ਼ਾਰਾਂ ਡੈਲੀਗੇਟਸ
ਗੋਆ ਵਿਚ ਆਰੰਭ ਹੋਇਆ ਇਹ ਫਿਲਮੀ ਮੇਲਾ 9 ਦਿਨ ਚੱਲੇਗਾ ਅਤੇ ਇਸ ਦੌਰਾਨ ਦੇਸ਼- ਵਿਦੇਸ਼ ਦੀਆਂ 200 ਫਿਲਮਾਂ ਦਿਖਾਈਆਂ ਜਾਣਗੀਆਂ। ਇਸ ਮੌਕੇ ਪੂਰੀ ਦੁਨੀਆ ਵਿਚੋਂ ਹਜ਼ਾਰਾਂ ਡੈਲੀਗੇਟਸ ਪਹੁੰਚ ਰਹੇ ਹਨ। ਅੱਜ ਵੀ ਡੈਲੀਗੇਟਸ ਦੀ ਕਾਰਡ ਲੈਣ ਲਈ ਵੱਡੀ ਭੀੜ ਲੱਗੀ ਰਹੀ।

Image

ਗੋਲਡਨ ਜੁਬਲੀ ਵਰ੍ਹਾ
ਇਫੀ (ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ) ਇਸ ਵਾਰ ਆਪਣਾ ਗੋਲਡਨ ਜੁਬਲੀ ਵਰ੍ਹਾ ਮਨਾ ਰਿਹਾ ਹੈ। ਪੂਰੇ ਸ਼ਹਿਰ ਨੂੰ ਸਜਾਇਆ ਗਿਆ ਹੈ। ਪੰਜਿਮ ਖੇਤਰ ਵਿਚ ਆਈਨੋਕਸ ਸਿਨੇਮਾ ਹਾਲ ਤੋਂ ਲੈ ਕੇ ਕਲਾ ਅਕੈਡਮੀ ਤਕ ਕਲਾ ਦੇ ਨਮੂਨੇ ਦੇਖਣ ਨੂੰ ਮਿਲ ਰਹੇ ਹਨ।

Image

500 ਸਾਲ ਪੂਰੇ ਕਰਨ ਵਾਲੀਆਂ ਫਿਲਮਾਂ ਦਾ ਪ੍ਰਦਰਸ਼ਨ
50 ਸਾਲਾ ਫੈਸਟੀਵਲ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਜਿਹੜੀਆਂ ਫਿਲਮਾਂ ਨੇ ਆਪਣੀ ਰਿਲੀਜ਼ ਦੇ 50 ਵਰ੍ਹੇ ਮੁਕੰਮਲ ਕਰ ਲਏ ਹਨ, ਉਨ੍ਹਾਂ ਦਾ ਪ੍ਰਦਰਸ਼ਨ ਵੀ ਕੀਤਾ ਜਾਏਗਾ। ਇਨ੍ਹਾਂ 'ਚ ਧਰਮਿੰਦਰ ਅਤੇ ਰਾਜੇਸ਼ ਖੰਨਾ ਵਰਗੇ ਸੁਪਰ ਸਟਾਰਾਂ ਦੀਆਂ ਫਿਲਮਾਂ ਸ਼ਾਮਲ ਹਨ। ਇਸ ਮੇਲੇ 'ਚ 'ਨਾਨਕ ਨਾਮ ਜਹਾਜ਼ ਹੈ' (ਪੰਜਾਬੀ ਫਿਲਮ ਵੀ ਦਿਖਾਈ ਜਾ ਰਹੀ ਹੈ)

ਲੱਖਾਂ ਰੁਪਏ ਦੇ ਐਵਾਰਡ ਵੀ
ਇਸ ਫੈਸਟੀਵਲ ਵਿਚ ਬੈਸਟ ਫਿਲਮ ਨੂੰ 40 ਲੱਖ ਦਾ ਐਵਾਰਡ ਦਿੱਤਾ ਜਾਏਗਾ, ਜੋ ਨਿਰਮਾਤਾ ਅਤੇ ਨਿਰਦੇਸ਼ਕ ਵਿਚ ਬਰਾਬਰ-ਬਰਾਬਰ ਵੰਡੇ ਜਾਣਗੇ। ਨਿਰਦੇਸ਼ਕ ਨੂੰ ਗੋਲਡਨ ਪੀਕਾਕ ਦੇ ਨਾਲ ਸਰਟੀਫਿਕੇਟ ਵੀ ਦਿੱਤਾ ਜਾਏਗਾ। ਇਸੇ ਤਰ੍ਹਾਂ ਬੈਸਟ ਡਾਇਰੈਕਟਰ ਨੂੰ 15 ਲੱਖ, ਬੈਸਟ ਐਕਟਰ ਮੇਲ ਅਤੇ ਫੀਮੇਲ ਨੂੰ 10-10 ਲੱਖ ਰੁਪਏ ਅਤੇ 15 ਲੱਖ ਰੁਪਏ ਦਾ ਸਪੈਸ਼ਲ ਜੂਰੀ ਐਵਾਰਡ ਦਿੱਤਾ ਜਾਵੇਗਾ। ਇਸੇ ਤਰ੍ਹਾਂ ਬੈਸਟ ਡੈਬਿਟ ਫੀਚਰ ਫਿਲਮ ਆਫ ਏ ਡਾਇਰੈਕਟਰ ਨੂੰ ਵੀ ਸਿਲਵਰ ਪੀਕਾਕ ਦੇ ਸਮੇਤ 10 ਲੱਖ ਦਾ ਕੈਸ਼ ਪ੍ਰਾਈਜ਼ ਦਿੱਤਾ ਜਾਏਗਾ।

Image

ਇਸ ਵਾਰ ਔਰਤਾਂ ਅੱਗੇ
ਪਿਛਲੇ ਸਾਲਾਂ ਵਿਚ ਹੋਏ ਫਿਲਮੀ ਮੇਲਿਆਂ ਵਿਚ ਔਰਤਾਂ ਦੀ ਸ਼ਮੂਲੀਅਤ ਘੱਟ ਰਹੀ ਹੈ, ਖਾਸ ਤੌਰ 'ਤੇ ਇੰਟਰਐਕਸ਼ਨ ਦੇ ਮਾਮਲੇ ਵਿਚ ਪਰ ਇਸ ਵਾਰ ਔਰਤਾਂ ਦੇ ਵਿਸ਼ੇ 'ਤੇ ਬਹੁਤ ਸਾਰੀਆਂ ਫਿਲਮਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਤਾਪਸੀ ਪੰਨੂ ਅਤੇ ਕੁਝ ਹੋਰ ਹੀਰੋਇਨਾਂ ਵੀ ਇੰਟਰਐਕਸ਼ਨ 'ਚ ਸ਼ਾਮਲ ਹੋਣਗੀਆਂ।

ਕਾਗਜ਼ ਦੀ ਬੱਚਤ
ਇਸ ਵਾਰ ਫਿਲਮਾਂ ਦੀਆਂ ਟਿਕਟਾਂ ਕਾਗਜ਼ 'ਤੇ ਪ੍ਰਿੰਟ ਨਹੀਂ ਕੀਤੀਆਂ ਗਈਆਂ ਸਗੋਂ ਈ-ਟਿਕਟ ਦੀ ਵਰਤੋਂ ਕੀਤੀ ਗਈ ਹੈ। ਡੈਲੀਗੇਟਸ ਇੰਟਰਨੈੱਟ ਤੋਂ ਐਪ ਡਾਊਨਲੋਡ ਕਰ ਕੇ ਆਪਣੀਆਂ ਈ-ਟਿਕਟਾਂ ਲੈ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News