B'Day Spl : ਦਮਦਾਰ ਆਵਾਜ਼ ਦੇ ਸਦਕਾ ਗਜ਼ਲ ਸਮਰਾਟ ਬਣੇ ਜਗਜੀਤ ਸਿੰਘ, ਜਾਣੋ ਦਿਲਚਸਪ ਕਿੱਸੇ

2/8/2020 10:44:47 AM

ਮੁੰਬਈ (ਬਿਊਰੋ) — ਸੰਗੀਤ ਦੀ ਸਮਝ ਰੱਖਣ ਵਾਲੇ ਇਹ ਗੱਲ ਭਲੀ ਭਾਂਤ ਜਾਣਦੇ ਹਨ ਕਿ ਗਜ਼ਲ ਗਾਇਨ ਕਰਨਾ ਆਸਾਨ ਨਹੀਂ ਤੇ ਮੁਸ਼ਕਲ ਕੰਮ ਹੈ ਗਜ਼ਲ ਨੂੰ ਸੁਣਨਾ ਤੇ ਸਮਝਣਾ। ਬਹੁਤੇ ਗਜ਼ਲ ਗਾਇਕਾਂ ਦੀ ਗਾਇਕੀ ਘਰਾਣਿਆਂ ਵਿਚ ਬੰਨ੍ਹੀ ਹੋਣ ਕਾਰਨ ਆਮ ਲੋਕਾਂ ਤੋਂ ਬੜੀ ਦੂਰ ਹੁੰਦੀ ਹੈ ਅਤੇ ਇਨ੍ਹਾਂ ਨੂੰ ਸੁਣਨ ਵਾਲੇ ਵੀ ਕੁਝ ਖਾਸ ਸਰੋਤੇ ਹੁੰਦੇ ਹਨ। ਇਸ ਕਾਰਨ ਅਜਿਹੀ ਗਾਇਕੀ ਇਕ ਦਾਇਰੇ ਵਿਚ ਕੈਦ ਹੋ ਕੇ ਰਹਿ ਜਾਂਦੀ ਹੈ ਪਰ ਜਿਸ ਸ਼ਖਸ ਨੇ ਗਜ਼ਲ ਗਾਇਕੀ ਨੂੰ ਘਰਾਣਿਆਂ ਦੀ ਹੱਦ ਤੋਂ ਬਾਹਰ ਕੱਢ ਕੇ ਉਸ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਉਹ ਸੀ ਉਸਤਾਦ ਜਮਾਲ ਖਾਂ ਅਤੇ ਪੰਡਿਤ ਸ਼ਗਨ ਲਾਲ ਦੇ ਸ਼ਗਿਰਦ ਅਤੇ ਪਦਮ ਵਿਭੂਸ਼ਣ ਐਵਾਰਡ ਨਾਲ ਸਨਮਾਨਿਤ ਮਰਹੂਮ ਗਾਇਕ ਜਗਜੀਤ ਸਿੰਘ (ਘਰ ਦਾ ਨਾਂ ਜੀਤੀ), ਜੋ ਕਿ ਆਪਣੀ ਆਵਾਜ਼ ਸਦਕਾ ਗਜ਼ਲ ਸਮਰਾਟ ਬਣੇ।
Image result for jagjit singh
8 ਫਰਵਰੀ 1941 ਨੂੰ ਅਮਰ ਸਿੰਘ ਧੀਮਾਨ ਦੇ ਘਰ ਤੇ ਮਾਤਾ ਬਚਨ ਕੌਰ ਦੀ ਕੁੱਖੋਂ ਜਿਲ੍ਹਾ ਗੰਗਾਨਗਰ (ਰਾਜਸਥਾਨ) ਵਿਖੇ ਇਕ ਸਿੱਖ ਪਰਿਵਾਰ ਵਿਚ ਜਨਮੇਂ। ਉਹ 7 ਭੈਣ ਭਰਾਵਾਂ ਹਰਭਜਨ ਕੌਰ, ਹਰਬੰਸ ਕੌਰ, ਜਗਜੀਤ ਕੌਰ, ਇੰਦਰਜੀਤ ਕੌਰ, ਜਸਵੰਤ ਸਿੰਘ ਅਤੇ ਕਰਤਾਰ ਸਿੰਘ ਵਿਚ ਜਗਜੀਤ ਸਿੰਘ ਤੀਜੇ ਸਥਾਨ 'ਤੇ ਸਨ। ਜਗਜੀਤ ਸਿੰਘ ਨੇ ਮੁੱਢਲੀ ਵਿਦਿਆ ਖਾਲਸਾ ਹਾਈ ਸਕੂਲ ਗੰਗਾਨਗਰ ਤੋਂ ਅਤੇ ਉਚੇਰੀ ਵਿੱਦਿਆ ਡੀ. ਏ. ਵੀ. ਕਾਲਜ ਜਲੰਧਰ ਅਤੇ ਕੁਰੂਕਸ਼ੇਤਰ ਯੂਨੀਵਰਸਟੀ ਹਰਿਆਣਾ ਤੋਂ ਪ੍ਰਾਪਤ ਕੀਤੀ। ਜਗਜੀਤ ਸਿੰਘ ਦਾ ਜੱਦੀ ਪਿੰਡ ਡੱਲਾ (ਜ਼ਿਲ੍ਹਾ ਰੋਪੜ) ਹੈ।
Image result for jagjit singh
ਬਚਪਨ ਤੋਂ ਸੀ ਗਾਇਕੀ ਦਾ ਸ਼ੌਂਕ
ਜਗਜੀਤ ਸਿੰਘ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਕ ਸੀ। ਜਗਜੀਤ ਸਿੰਘ ਅਕਸਰ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨ ਜਾਇਆ ਕਰਦੇ ਸਨ। ਛੋਟੇ ਹੁੰਦਿਆਂ ਜਦੋਂ ਵੀ ਸਕੂਲ 'ਚ ਛੁੱਟੀਆਂ ਹੁੰਦੀਆਂ ਤਾਂ ਜਗਜੀਤ ਸਿੰਘ ਆਪਣੇ ਨਾਨਕੇ ਪਿੰਡ ਉਟਾਲਾਂ ਸਮਰਾਲਾ (ਲੁਧਿਆਣਾ) ਵਿਖੇ ਜਾ ਕੇ ਹਰਮੋਨੀਅਮ 'ਤੇ ਖੂਬ ਰਿਆਜ਼ ਕਰਦੇ ਸਨ।
Image result for jagjit singh
ਇਸ ਘਟਨਾ ਨੇ ਰੱਖ ਦਿੱਤਾ ਸੀ ਝੰਜੋੜ ਕੇ
ਸਾਲ 1965 ਵਿਚ ਮੁੰਬਈ ਗਏ ਜਗਜੀਤ ਸਿੰਘ ਸਾਲ 1969 'ਚ ਚਿਤਰਾ ਸਿੰਘ ਨਾਲ ਵਿਆਹ ਕਰਵਾ ਕੇ ਉੱਥੇ ਹੀ ਵਸ ਗਏ। ਪਰਮਾਤਮਾ ਨੇ ਇਕ ਪੁੱਤਰ (ਵਿਵੇਕ) ਦੀ ਦਾਤ ਬਖਸ਼ੀ ਪਰ 28 ਜੁਲਾਈ 1990 ਨੂੰ ਹੋਈ ਵਿਵੇਕ ਦੀ ਮੌਤ ਨੇ ਜਗਜੀਤ ਸਿੰਘ ਤੇ ਚਿਤਰਾ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ। ਜਗਜੀਤ ਸਿੰਘ ਕਈ ਵਰ੍ਹੇ ਗਾਇਕੀ ਤੋਂ ਦੂਰ ਰਹੇ 'ਤੇ ਚਿਤਰਾ ਨੇ ਤਾਂ ਗਾਉਣਾ ਹੀ ਛੱਡ ਦਿੱਤਾ।
Image result for jagjit singh
ਸੁਪਰਹਿੱਟ ਗਜ਼ਲਾਂ
ਜਗਜੀਤ ਸਿੰਘ ਨੂੰ ਹਰਮੋਨੀਅਮ, ਤਾਨਪੁਰਾ ਅਤੇ ਪਿਆਨੋ ਵਜਾਉਣ ਵਿਚ ਪੂਰੀ ਮੁਹਾਰਤ ਹਾਸਲ ਸੀ। ਜਗਜੀਤ ਸਿੰਘ ਨੇ ਆਕਾਸ਼ਵਾਣੀ 'ਤੇ ਦੂਰਦਰਸ਼ਨ ਲਈ ਵੀ ਹਮੇਸ਼ਾਂ ਸਮਾਂ ਕੱਢਿਆ। ਜਗਜੀਤ ਸਿੰਘ ਦੀਆਂ ਹਿੱਟ ਐਲਬਮਾਂ ਵਿਚ 'ਸਿਲਸਲੇ', 'ਸੰਵੇਦਨਾ', 'ਸੋਜ਼', 'ਮਰਸਿਮ', 'ਜੀਵਨ ਕਿਆ ਹੈ', 'ਜ਼ਜ਼ਬਾਤ', 'ਇੰਤਹਾ' ਅਤੇ 'ਆਇਨਾ' ਪ੍ਰਮੁੱਖ ਤੌਰ 'ਤੇ ਸ਼ਾਮਲ ਹਨ। 'ਪਿਆਰ ਕਾ ਪਹਿਲਾ ਖਤ ਲਿਖਨੇ ਕੋ ਵਕਤ ਤੋਂ ਲਗਤਾ ਹੈ', 'ਚਿੱਠੀ ਨਾਂ ਕੋਈ ਸੰਦੇਸ਼ ਜਹਾਂ ਤੁਮ ਚਲੇ ਗਏ', 'ਵੋ ਕਾਗਜ਼ ਕੀ ਕਸ਼ਤੀ', 'ਹੋਠੋਂ ਸੇ ਛੂਲੋ ਤੁਮ ਮੇਰਾ ਗੀਤ ਅਮਰ ਕਰਦੋ', 'ਤੁਮ ਜੋ ਇਤਨਾ ਮੁਸਕਰਾ ਰਹੀ ਹੈ', 'ਯੇ ਦੋਲਤ ਭੀ ਲੇਲੋ', 'ਤੁਮਕੋ ਦੇਖਾ', 'ਝੁਕੀ ਝੁਕੀ ਸੀ ਨਜ਼ਰ', 'ਮੈਂ ਉਤਨਾ ਯਾਦ ਆਊਂਗਾ', 'ਮੁਝੇ ਜਿਤਨਾ ਭੁਲਾਉਗੇ' ਜਗਜੀਤ ਸਿੰਘ ਦੀਆਂ ਸੁਪਰਹਿੱਟ ਗਜ਼ਲਾਂ ਹਨ।
Image result for jagjit singh
ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਅੱਜ ਵੀ ਜਿਉਂਦੇ ਨੇ
ਜਗਜੀਤ ਨੇ ਕਈ ਪੰਜਾਬੀ ਗੀਤਾਂ ਦੇ ਨਾਲ-ਨਾਲ ਸ਼ਿਵ ਕੁਮਾਰ ਬਟਾਲਵੀ ਨੂੰ ਵੀ ਗਾਇਆ। ਜਗਜੀਤ ਸਿੰਘ ਨੇ ਆਪਣਾ ਆਖਰੀ ਸ਼ੋਅ 17 ਸਤੰਬਰ 2011 ਨੂੰ ਦਿੱਲੀ ਵਿਖੇ ਪੇਸ਼ ਕੀਤਾ। ਲੀਲਾਵਤੀ ਹਸਪਤਾਲ ਮੁੰਬਈ ਵਿਖੇ 10 ਅਕਤੂਬਰ 2011 ਨੂੰ ਜਗਜੀਤ ਸਿੰਘ ਸੰਗੀਤ ਪ੍ਰੇਮੀਆਂ ਨੂੰ ਸਦਾ ਲਈ ਵਿਛੋੜਾ ਦੇ ਗਏ ਪਰ ਆਪਣੀ ਆਵਾਜ਼ ਸਦਕਾ ਉਹ ਹਮੇਸ਼ਾਂ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਵੱਸਦੇ ਰਹਿਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News