ICU 'ਚ ਵੈਂਟੀਲੇਟਰ 'ਤੇ ਲਤਾ ਮੰਗੇਸ਼ਕਰ, ਹਾਲਤ ਅਜੇ ਵੀ ਗੰਭੀਰ

11/13/2019 11:10:14 AM

ਮੁੰਬਈ (ਬਿਊਰੋ) — ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਦੀ ਸਿਹਤ ਕਾਫੀ ਗੰਭੀਰ ਬਣੀ ਹੋਈ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਹੈ। ਇਕ ਹਿੰਦੀ ਅਖਬਾਰ ਨੇ ਡਾਕਟਰਾਂ ਦੇ ਹਵਾਲੇ ਤੋਂ ਰਿਪੋਰਟ ਦਿੱਤੀ ਹੈ ਕਿ 90 ਸਾਲ ਦੀ ਲਤਾ ਮੰਗੇਸ਼ਕਰ ਦੀ ਹਾਲਤ ਹੁਣ ਵੀ ਖਰਾਬ ਹੈ ਤੇ ਉਨ੍ਹਾਂ ਨੂੰ ਹੁਣ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ, ਲਤਾ ਮੰਗੇਸ਼ਕਰ ਨੂੰ ਰਾਤ ਲਗਭਗ 1.30 ਵਜੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਸਾਹ ਲੈਣ 'ਚ ਕਾਫੀ ਮੁਸ਼ਕਿਲ ਹੋ ਰਹੀ ਸੀ। ਉਨ੍ਹਾਂ ਦੇ ਫੇਫੜਿਆਂ 'ਚ ਕਾਫੀ ਇਨਫੈਕਸ਼ਨ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਲਿਆਉਣਾ ਪਿਆ।

ਦੱਸਣਯੋਗ ਹੈ ਕਿ ਲਤਾ ਮੰਗੇਸ਼ਕਰ ਦੀ ਸਿਹਤ ਨੂੰ ਲੈ ਕੇ ਪੂਰਾ ਬਾਲੀਵੁੱਡ ਚਿੰਤਾ 'ਚ ਹੈ। ਡਰੀਮ ਗਰਲ ਹੇਮਾ ਮਾਲਿਨੀ ਨੇ ਉਨ੍ਹਾਂ ਦੀ ਖਰਾਬ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਹੈ ਅਤੇ ਟਵੀਟ ਕਰਦਿਆਂ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਲਈ ਦੁਆ ਕੀਤੀ। ਲਤਾ ਮੰਗੇਸ਼ਕਰ ਨੇ 28 ਸਤੰਬਰ ਨੂੰ ਆਪਣਾ 90ਵਾਂ ਜਨਮਦਿਨ ਮਨਾਇਆ ਸੀ। ਹਿੰਦੀ ਫਿਲਮ ਜਗਤ 'ਚ 25 ਹਜ਼ਾਰ ਤੋਂ ਜ਼ਿਆਦਾ ਗੀਤ ਗਾ ਚੁੱਕੀ ਲਤਾ ਮੰਗੇਸ਼ਕਰ ਭਾਰਤ ਰਤਨ ਨਾਲ ਸਨਮਾਨਿਤ ਹੋ ਚੁੱਕੇ ਹਨ।

ਲਤਾ ਮੰਗੇਸ਼ਕਰ ਨੇ ਹਿੰਦੀ, ਖੇਤਰੀ ਫਿਲਮਾਂ ਅਤੇ ਵਿਦੇਸ਼ੀ ਫਿਲਮਾਂ 'ਚ ਹਜ਼ਾਰਾਂ ਸਦਾਬਹਾਰ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ। ਉਨ੍ਹਾਂ ਦੀ ਆਖਰੀ ਫਿਲਮ 2004 'ਚ ਬਣੀ ਯਸ਼ ਚੋਪੜਾ ਦੀ ਫਿਲਮ 'ਵੀਰ ਜ਼ਾਰਾ' ਸੀ, ਜਿਸ ਦੇ ਗੀਤ ਸੁਪਰਹਿੱਟ ਹੋਏ। ਇਸ ਸਾਲ 30 ਮਾਰਚ ਨੂੰ ਉਨ੍ਹਾਂ ਭਾਰਤੀ ਫੌਜ ਨੂੰ ਸ਼ਰਧਾਂਜਲੀ ਵਜੋਂ ਗੀਤ 'ਸੌਗੰਧ ਮੁਝੇ ਇਸ ਮਿੱਟੀ ਕੀ' ਗਾਇਆ। 2001 'ਚ ਉਨ੍ਹਾਂ ਨੂੰ ਸਭ ਤੋਂ ਵੱਡੇ ਸਿਵਲੀਅਨ ਐਵਾਰਡ 'ਭਾਰਤ ਰਤਨ' ਨਾਲ ਨਿਵਾਜਿਆ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News