ਮੰਤਰੀ ਨੇ ਫਿਲਮੀ ਕਾਰੋਬਾਰ ਦੇ ਜਲਦ ਸ਼ੁਰੂ ਹੋਣ ਦਾ ਭਰੋਸਾ ਦਿਵਾਇਆ : ਗੁਰਪ੍ਰੀਤ ਘੁੱਗੀ

5/21/2020 1:49:59 PM

ਮੋਹਾਲੀ (ਨਿਆਮੀਆਂ) - ਪੰਜਾਬੀ ਕਾਲਕਾਰਾਂ ਦੀ ਸਿਰਮੋਰ ਸੰਸਥਾ ਨੌਰਥ ਜ਼ੋਨ ਫ਼ਿਲਮ ਅਤੇ ਟੀ. ਵੀ. ਆਰਟਿਸਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਅਗਵਾਈ ਹੇਠ ਅੱਜ ਸੀਨੀਅਰ ਮੀਤ ਪ੍ਰਧਾਨ ਭਾਰਤ ਭੂਸ਼ਨ ਵਰਮਾ, ਉਪ ਪ੍ਰਧਾਨ ਕਰਮਜੀਤ ਅਨਮੋਲ ਅਤੇ ਜਨਰਲ ਸਕੱਤਰ ਮਲਕੀਤ ਰੌਣੀ ਦੀ ਸੱਭਿਆਚਾਰਕ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਇਕ ਵਿਸ਼ੇਸ਼ ਮੁਲਾਕਾਤ ਹੋਈ। ਸਭ ਤੋਂ ਪਹਿਲਾਂ ਐਸੋਸੀਏਸ਼ਨ ਦੇ ਮੈਂਬਰਾਂ ਨੇ ਸੰਸਥਾ ਦੀ ਵਿਸ਼ੇਸ਼ ਪਹਿਲ ਕਦਮੀ ਦਾ ਜ਼ਿਕਰ ਕਰਦਿਆਂ ਮੰਤਰੀ ਨੂੰ ਦੱਸਿਆ ਕਿ ਕੋਰੋਨਾ ਵਰਗੀ ਮਹਾਂਮਾਰੀ ਦੀ ਸ਼ੁਰੂਆਤ ਮੌਕੇ ਲਾਕਡਾਊਨ ਤੋਂ ਪਹਿਲਾਂ ਹੀ ਪੰਜਾਬ ਦੇ ਸ਼ੂਟਿੰਗ 'ਚ ਰੁੱਝੇ ਸਾਰੇ ਕਲਾਕਾਰਾਂ ਅਤੇ ਫਿਲਮ ਨਿਰਮਾਤਾਵਾਂ ਨੂੰ ਬੇਨਤੀ ਰੂਪੀ ਅਡਵਾਇਜ਼ਰੀ ਜਾਰੀ ਕਰਕੇ ਆਪੋ-ਆਪਣੀ ਸ਼ੂਟਿੰਗ ਦਾ ਪੈਕਅੱਪ ਕਰ ਦੇਣ ਲਈ ਕਿਹਾ ਸੀ, ਜਿਸ ਨੂੰ ਸਭ ਨੇ ਜ਼ਰੂਰੀ ਸਮਝਦਿਆਂ ਸਤਿਕਾਰ ਸਹਿਤ ਮੰਨਿਆ, ਜਿਸ ਨਾਲ ਸਾਰੇ ਸ਼ੁਟਿੰਗ ਯੂਨਿਟਸ ਦੇ ਵਰਕਰ ਸਮੇਂ ਸਿਰ ਆਪੋ-ਆਪਣੇ ਘਰ ਪਹੁੰਚ ਸਕੇ ਅਤੇ ਬੀਮਾਰੀ ਤੋਂ ਵੀ ਬਚੇ ਰਹੇ।

ਸੰਸਥਾ ਦੀ ਦੂਜੀ ਪਹਿਲ ਕਦਮੀ ਮੰਤਰੀ ਨਾਲ ਸਾਂਝੀ ਕਰਦਿਆਂ ਉਪਰੋਤਕ ਮੈਂਬਰਾਂ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਆਪਣੇ ਵਰਕਰਾਂ ਅਤੇ ਆਰਟਿਸਟਾਂ ਦੀ ਸਹਾਇਤਾ ਲਈ ਚਲਾਈ ਗਈ ਮੁਹਿੰਮ ਦੀ ਸ਼ੁਰੂਆਤ ਇਕ ਵਿਸ਼ੇਸ਼ ਸੰਦੇਸ਼ ਨਾਲ ਕੀਤੀ ਕਿ ''ਹਰ ਅਦਾਰੇ ਦੇ ਮੁਖੀ ਆਪੋ-ਆਪਣੇ ਵਰਕਰਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣ, ਜਿਸ ਤਹਿਤ ਸੰਸਥਾਂ ਨਾਲ ਜੁੜੇ ਪ੍ਰਸਿੱਧ ਕਲਾਕਾਰਾਂ ਅਤੇ ਅਹੁਦੇਦਾਰਾਂ ਨੇ ਆਪ ਅੱਗੇ ਲੱਗ ਕੇ ਜਿੰਨਾਂ 'ਚੋਂ ਚੰਡੀਗੜ੍ਹ, ਪੰਚਕੂਲਾ, ਮੋਹਾਲੀ ਅਤੇ ਖਰੜ ਵਿਖੇ ਗਿੱਪੀ ਗਰੇਵਾਲ, ਐਮੀ ਵਿਰਕ, ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ, ਨਿਸ਼ਾ ਬਾਨੋ ਅਤੇ ਪਰਮਵੀਰ, ਸੁਨਾਮ-ਲਹਿਰਾ ਗਾਗਾ ਵਿਚ ਕਰਮਜੀਤ ਅਨਮੋਲ, ਤਰਨਤਾਰਨ ਵਿਖੇ ਰਣਜੀਤ ਬਾਵਾ, ਲੁਧਿਆਣਾ ਵਿਖੇ ਨਿੰਜਾ, ਸਰਦਾਰ ਸੋਹੀ ਅਤੇ ਨਿਰਮਲ ਰਿਸ਼ੀ, ਮਾਨਸਾ ਵਿਚ ਕੁਲਵਿੰਦਰ ਬਿੱਲਾ, ਜਲੰਧਰ ਵਿਚ ਗੁਰਲੇਜ਼ ਅਖ਼ਤਰ, ਸੁਖਬੀਰ ਅਤੇ ਕੁਲਵਿੰਦਰ ਕੈਲੀ, ਬਰਨਾਲਾ ਵਿਚ ਰੁਪਿੰਦਰ ਰੂਪੀ, ਭੁਪਿੰਦਰ ਸਿੰਘ ਅਤੇ ਸੁਖਦੇਵ ਬਰਨਾਲਾ, ਬਠਿੰਡੇ ਵਿਚ ਗੁਰਪ੍ਰੇਮ ਲਹਿਰੀ, ਗੁਰਪ੍ਰੀਤ ਭੰਗੂ, ਚਮਕੌਰ ਸਾਹਿਬ ਵਿਚ, ਪਟਿਆਲਾ-ਧੂਰੀ-ਮਲੇਰਕੋਟਲਾ-ਮੰਡੀ ਗੋਬਿੰਦਗੜ ਵਿਖੇ ਬਿੰਨੂ ਢਿੱਲੋਂ, ਅੰਮ੍ਰਿਤਸਰ ਵਿਖੇ ਦਲਜੀਤ ਅਰੋੜਾ ਅਤੇ ਸੋਨੀਆ ਮਾਨ ਅਤੇ ਪਾਤੜਾਂ-ਸਮਾਣਾ ਵਿਖੇ ਸੁੱਖੀ ਪਾਤੜਾਂ ਆਦਿ ਸਾਰਿਆਂ ਨੇ ਕੁੱਲ ਮਿਲਾ ਕੇ ਤਕਰੀਬਨ 2400 ਦੇ ਕਰੀਬ ਲੋੜਵੰਦਾਂ ਅਤੇ ਦਿਹਾੜੀਦਾਰ ਵਰਕਰਾਂ ਨੂੰ ਰਾਸ਼ਨ ਪਹੁੰਚਾਇਆ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸੀਨੀਅਰ ਅਤੇ ਪ੍ਰਸਿੱਧ ਕਲਾਕਾਰਾਂ ਦਾ ਅਜਿਹੀ ਭਿਆਨਕ ਬੀਮਾਰੀ ਦੇ ਚਲਦਿਆਂ ਆਪ ਘਰੋਂ ਨਿਕਲ ਕੇ ਥਾਂ-ਥਾ 'ਤੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ ਵੀ ਆਪਣੇ ਆਪ ਵਿਚ ਇਕ ਸੰਦੇਸ਼ਮਈ ਇਤਿਹਾਸਿਕ ਮਿਸਾਲ ਹੈ ਜਦੋਂਕਿ ਸਾਰਾ ਮੁਲਕ ਸਹਿਮ ਕੇ ਆਪੋ ਆਪਣੇ ਘਰੇ ਬੈਠਾ ਸੀ। ਮੰਤਰੀ ਨੇ ਸੰਸਥਾਂ ਦੇ ਸਹਾਇਤਾ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਦਾਨੀ ਸੱਜਣਾ ਗਿੱਪੀ ਗਰੇਵਾਲ, ਐਮੀ ਵਿਰਕ, ਜੱਸੀ ਗਿੱਲ, ਬੀ ਪਰਾਕ, ਗੁਰੁ ਰੰਧਾਵਾ, ਹਰੀਸ਼ ਵਰਮਾ, ਹਾਰਡੀ ਸੰਧੂ, ਬੀ. ਐੱਨ. ਸ਼ਰਮਾ, ਪ੍ਰਭ ਗਿੱਲ, ਅਸ਼ਵਨੀ ਸ਼ਰਮਾ, ਅਰਵਿੰਦਰ ਖਹਿਰਾ, ਸੰਦੀਪ ਬੰਸਲ, ਗੁਰਪ੍ਰੀਤ ਘੁੱਗੀ, ਜੱਸੀ ਕਟਿਆਲ ਤੇ ਹੋਰਨਾਂ ਦੀ ਭਰਪੂਰ ਸ਼ਲਾਘਾ ਕੀਤੀ।

ਮੀਟਿੰਗ ਦੌਰਾਨ ਗੁਰਪ੍ਰੀਤ ਘੁੱਗੀ ਨੇ ਫਿਲਮ ਇੰਡਸਟਰੀ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਸਰਕਾਰੀ ਹਿਦਾਇਤਾਂ ਅਨੁਸਾਰ ਫੋਰੀ ਤੇ ਲੋੜੀਦੇਂ ਕਦਮ ਚੁੱਕਣ 'ਤੇ ਜ਼ੋਰ ਦਿੱਤਾ ਤਾਂ ਕਿ ਪੋਸਟ ਪ੍ਰੋਡਕਸ਼ਨ ਸਟੂਡਿਓਜ਼, ਮਿਊਜ਼ਿਕ ਅਤੇ ਡੱਬਿੰਗ ਸਟੂਡਿਓਜ਼ ਆਦਿ ਅਤੇ ਹੋਰ ਬਿਨਾਂ ਭੀੜ ਤੋਂ ਚੱਲਣ ਵਾਲੇ ਕੰਮ ਪਹਿਲ ਦੇ ਆਧਾਰ 'ਤੇ ਸ਼ੁਰੂ ਕਰਵਾਏ ਜਾ ਸਕਣ। ਇਸ ਤੋਂ ਇਲਾਵਾ ਜਿਨ੍ਹਾਂ ਫ਼ਿਲਮਾਂ ਦਾ ਥੋੜੇ ਦਿਨਾਂ ਦਾ ਕੰਮ ਬਕਾਇਆ ਹੈ, ਉਨ੍ਹਾਂ ਨੂੰ ਵੀ ਜਲਦੀ ਪੂਰਾ ਕੀਤਾ ਜਾ ਸਕੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News