ਗਿੱਪੀ-ਸਰਗੁਣ ਦੀ ਪਿਆਰ ਭਰੀ ਨੋਕ-ਝੋਕ ਨਾਲ ਭਰਪੂਰ ਹੈ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟਰੇਲਰ (ਵੀਡੀਓ)

5/1/2019 2:33:00 PM

ਚੰਡੀਗੜ੍ਹ (ਬਿਊਰੋ)— ਸੁਮੀਤ ਦੱਤ ਤੇ ਡਰੀਮਬੁੱਕ ਪ੍ਰੋਡਕਸ਼ਨ ਨੇ ਲਿਓਸਟ੍ਰਾਈਡ ਐਂਟਰਟੇਨਮੈਂਟ ਨਾਲ ਮਿਲ ਕੇ ਅੱਜ ਆਪਣੀ ਆਉਣ ਵਾਲੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟਰੇਲਰ ਰਿਲੀਜ਼ ਕੀਤਾ ਹੈ। ਸੁਮੀਤ ਦੱਤ ਤੇ ਡਰੀਮਬੁੱਕ ਪ੍ਰੋਡਕਸ਼ਨ ਦੀ ਪੇਸ਼ਕਸ਼ ਵਾਲੀ ਇਸ ਫਿਲਮ 'ਚ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਮੁੱਖ ਕਿਰਦਾਰ ਨਿਭਾਅ ਰਹੇ ਹਨ। ਇਸ ਫ਼ਿਲਮ ਨੂੰ ਕਰਨ ਆਰ. ਗੁਲਿਆਨੀ ਵਲੋਂ ਡਾਇਰੈਕਟ ਕੀਤਾ ਗਿਆ ਹੈ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਇਕ ਰੋਮਾਂਟਿਕ ਕਾਮੇਡੀ ਫਿਲਮ ਹੈ। ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਪਹਿਲੀ ਵਾਰ ਇਕੱਠੇ ਪਰਦੇ 'ਤੇ ਇਸ ਫਿਲਮ ਰਾਹੀਂ ਨਜ਼ਰ ਆਉਣਗੇ।

ਲਿਓਸਟ੍ਰਾਈਡ ਤੋਂ ਸੁਮੀਤ ਦੱਤ ਨੇ ਬੋਲਦਿਆਂ ਕਿਹਾ, 'ਅਸੀਂ ਬਾਲੀਵੁੱਡ ਦੇ ਕਈ ਪ੍ਰਾਜੈਕਟਾਂ 'ਤੇ ਕੰਮ ਕੀਤਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਅਸੀਂ ਆਪਣੇ ਕੰਫਰਟ ਜ਼ੋਨ 'ਚੋਂ ਬਾਹਰ ਜਾ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿੰਨਾ ਅਸੀਂ ਘਬਰਾਏ ਹੋਏ ਹਾਂ, ਉਨੇ ਹੀ ਉਤਸ਼ਾਹਿਤ ਵੀ ਹਾਂ ਇਹ ਦੇਖਣ ਲਈ ਕਿ ਦਰਸ਼ਕ ਆਮ ਵਿਸ਼ਿਆਂ ਤੋਂ ਹੱਟ ਕੇ ਇਸ ਫ਼ਿਲਮ ਨੂੰ ਕਿੰਨਾ ਪਿਆਰ ਦੇਣਗੇ।'

ਗਿੱਪੀ ਗਰੇਵਾਲ ਨੇ ਬੋਲਦਿਆਂ ਕਿਹਾ, 'ਪੰਜਾਬੀ ਸਿਨੇਮਾ ਹੁਣ ਵਿਸ਼ਿਆਂ ਨਾਲ ਪ੍ਰਯੋਗ ਕਰ ਰਿਹਾ ਹੈ। ਸਾਨੂੰ ਇਸ ਗੱਲ 'ਤੇ ਮਾਣ ਹੈ ਕਿ ਅਸੀਂ ਲੋਕਾਂ ਨੂੰ ਹਸਾਉਣ ਦੇ ਨਾਲ-ਨਾਲ ਉਨ੍ਹਾਂ ਦਾ ਪੂਰਾ ਮਨੋਰੰਜਨ ਕਰਦੇ ਹਾਂ। ਅਸੀਂ ਇਸ ਫਿਲਮ ਲਈ ਦਿਨ-ਰਾਤ ਜ਼ੋਰ-ਸ਼ੋਰ ਨਾਲ ਕੰਮ ਕੀਤਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਲੋਕ ਸਾਡੀ ਪੂਰੀ ਟੀਮ ਵਲੋਂ ਕੀਤੇ ਕੰਮ ਨੂੰ ਬਹੁਤ ਪਸੰਦ ਕਰਨਗੇ।

ਸਰਗੁਣ ਮਹਿਤਾ ਨੇ ਕਿਹਾ, 'ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਸ ਫ਼ਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ। ਫ਼ਿਲਮ ਦਾ ਵਿਸ਼ਾ ਬਿਲਕੁਲ ਨਵਾਂ ਹੈ, ਜੋ ਦਰਸ਼ਕਾਂ ਨੇ ਪਹਿਲਾਂ ਨਹੀਂ ਦੇਖਿਆ ਹੋਵੇਗਾ। ਅਸੀਂ ਦੋਵਾਂ ਨੇ ਪਹਿਲੀ ਵਾਰ ਸਕ੍ਰੀਨ ਸਾਂਝੀ ਕੀਤੀ ਹੈ ਤੇ ਮੈਨੂੰ ਇਸ ਗੱਲ ਦੀ ਪੂਰੀ-ਪੂਰੀ ਉਮੀਦ ਹੈ ਕਿ ਦਰਸ਼ਕ ਸਾਡੀ ਮਿਹਨਤ ਨੂੰ ਜ਼ਰੂਰ ਪਸੰਦ ਕਰਨਗੇ।

ਫ਼ਿਲਮ ਦੇ ਡਾਇਰੈਕਟਰ ਕਰਨ ਆਰ. ਗੁਲਿਆਨੀ ਨੇ ਕਿਹਾ, 'ਇੰਡਸਟਰੀ ਦੇ ਦੋ ਸਭ ਤੋਂ ਵਧੀਆ ਕਲਾਕਾਰਾਂ ਦਾ ਇਕ ਫ਼ਿਲਮ 'ਚ ਇਕੱਠਿਆਂ ਕੰਮ ਕਰਨਾ ਆਪਣੇ ਆਪ 'ਚ ਵੱਡੀ ਗੱਲ ਹੈ। ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਦੋਵਾਂ ਨੇ ਆਪਣੀ ਰਚਨਾਤਮਕਤਾ ਨਾਲ ਟੀਮ ਨੂੰ ਕਈ ਵਾਰ ਹੈਰਾਨ ਕੀਤਾ ਹੈ ਪਰ ਦਰਸ਼ਕਾਂ ਨੂੰ ਦੋਵਾਂ ਦੀ ਕੈਮਿਸਟਰੀ ਫਿਲਮ ਦੇ ਰਿਲੀਜ਼ ਤੋਂ ਬਾਅਦ ਖੂਬ ਦੇਖਣ ਨੂੰ ਮਿਲੇਗੀ। ਫਿਲਮ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਵਲੋਂ ਕੀਤਾ ਜਾ ਰਿਹਾ ਹੈ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' 24 ਮਈ, 2019 ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News