ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਸੁਸਾਇਟੀਆਂ ਨੂੰ ''ਖਾਲਸਾ ਏਡ'' ਨੇ ਵੰਡੇ ਟਰੈਕਟਰ, ਗੱਗੂ ਗਿੱਲ ਵੀ ਆਏ ਨਜ਼ਰ

10/23/2019 11:16:21 AM

ਜਲੰਧਰ (ਬਿਊਰੋ) — ਪੰਜਾਬ 'ਚ ਆਏ ਹੜ੍ਹ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ, ਜਿਸ ਦੀ ਮਦਦ ਲਈ 'ਖਾਲਸਾ ਏਡ' ਲਗਾਤਾਰ ਮਦਦ ਕਰ ਰਹੀ ਹੈ। ਖਾਲਸਾ ਏਡ ਵਲੋਂ ਇਨ੍ਹਾਂ ਪਰਿਵਾਰਾਂ ਨੂੰ ਮੁੜ ਉਨ੍ਹਾਂ ਦੇ ਪੈਰਾਂ 'ਤੇ ਖੜ੍ਹਾ ਕਰਨ ਲਈ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਸੰਸਥਾ ਵੱਲੋਂ ਉਨ੍ਹਾਂ ਕਿਸਾਨਾਂ ਨੂੰ ਮੱਝਾਂ ਦਿੱਤੀਆਂ ਜਾ ਰਹੀਆਂ ਸਨ, ਜਿਨ੍ਹਾਂ ਦੇ ਪਸ਼ੂ ਹੜ੍ਹ 'ਚ ਰੁੜ ਗਏ ਸਨ ਪਰ ਹੁਣ 'ਖਾਲਸਾ ਏਡ' ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਟਰੈਕਟਰ ਅਤੇ ਵਾਹੀ ਲਈ ਸੰਦ ਮੁਹੱਈਆ ਕਰਵਾਏ ਜਾ ਰਹੇ ਹਨ। ਇਨ੍ਹਾਂ ਟਰੈਕਟਰਾਂ ਰਾਹੀਂ ਕਿਸਾਨਾਂ ਦੇ ਖੇਤ ਬਿਲਕੁਲ ਮੁਫਤ ਵਾਹੇ ਜਾਣਗੇ, ਇੱਥੋਂ ਤੱਕ ਕਿ ਟਰੈਕਟਰਾਂ 'ਚ ਤੇਲ ਵੀ ਖਾਲਸਾ ਏਡ ਵੱਲੋਂ ਭਰਵਾਇਆ ਜਾਵੇਗਾ। ਖਾਲਸਾ ਏਡ ਦੀ ਇਸ ਮੁਹਿੰਮ ਦੌਰਾਨ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੱਗੂ ਗਿੱਲ ਵੀ ਮੌਜੂਦ ਰਹੇ। ਇਸ ਮੌਕੇ ਗੱਗੂ ਗਿੱਲ ਨੇ ਕਿਹਾ, ''ਖਾਲਸਾ ਏਡ ਦਾ ਇਹ ਉਪਰਾਲਾ ਬਹੁਤ ਵਧੀਆ ਹੈ, ਜਿਸ ਨਾਲ ਹੜ੍ਹ ਨਾਲ ਝੰਬੇ ਕਿਸਾਨ ਇਕ ਵਾਰ ਫਿਰ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣਗੇ।''


ਇਸ ਦੇ ਨਾਲ ਹੀ ਗੱਗੂ ਗਿੱਲ ਨੇ ਪ੍ਰਵਾਸੀ ਪੰਜਾਬੀਆਂ ਦਾ ਵੀ ਧੰਨਵਾਦ ਕੀਤਾ, ਜਿਹੜੇ ਲਗਾਤਾਰ ਲੋਕਾਂ ਨੂੰ ਮਦਦ ਭੇਜ ਰਹੇ ਹਨ। ਗੱਗੂ ਗਿੱਲ ਨੇ ਕਿਹਾ ਕਿ ਜਿਹੜਾ ਡਿੱਗ ਕੇ ਖੜ੍ਹਾ ਹੋ ਜਾਵੇ ਉਹ ਹੀ ਅਸਲ ਪੰਜਾਬੀ ਹੈ ਕਿਉਂਕਿ ਪੰਜਾਬੀ ਹਰ ਮੁਸ਼ਕਿਲ ਨਾਲ ਲੜਨਾ ਜਾਣਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News