ਹੈਕਰਸ ਨੇ ਪ੍ਰਿਅੰਕਾ ਚੋਪੜਾ ਸਮੇਤ ਕਈ ਵੱਡੀਆਂ ਹਸਤੀਆਂ ਦਾ ਨਿੱਜੀ ਡਾਟਾ ਕੀਤਾ ਚੋਰੀ, ਮੰਗੇ 317 ਕਰੋੜ ਰੁਪਏ

5/16/2020 10:05:21 AM

ਨਵੀਂ ਦਿੱਲੀ (ਬਿਊਰੋ) : ਦੁਨੀਆ ਭਰ 'ਚ ਇਕ ਪਾਸੇ ਕੋਰੋਨਾ ਵਾਇਰਸ ਦਾ ਕਹਿਰ ਹੈ ਅਤੇ ਦੂਸਰੇ ਪਾਸੇ ਸਾਈਬਰ ਕ੍ਰਾਈਮ ਕਰਨ ਵਾਲਿਆਂ ਨੇ ਆਪਣਾ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਹੈਕਰਸ ਮੌਕੇ ਦਾ ਫਾਇਦਾ ਚੁੱਕ ਕੇ ਅੰਤਰਰਾਸ਼ਟਰੀ ਕੰਪਨੀਆਂ 'ਤੇ ਅਟੈਕ ਕਰ ਰਹੇ ਹਨ ਅਤੇ ਭਾਰੀ ਫਿਰੌਤੀ ਦੀ ਮੰਗ ਕਰ ਰਹੇ ਹਨ। ਅਜਿਹੇ ਹੀ ਇਕ ਮਾਮਲੇ 'ਚ ਪ੍ਰਿਅੰਕਾ ਚੋਪੜਾ ਫਸ ਗਈ ਹੈ।

ਐੱਨ. ਡੀ. ਟੀ. ਵੀ. ਵੈਬਸਾਈਟ ਦੀ ਖਬਰ ਅਨੁਸਾਰ, ਹੈਕਰਸ ਦੇ ਇਕ ਗਰੁੱਪ ਨੇ ਨਿਊਯਾਰਕ ਸਥਿਤ ਇੰਟਰਟੇਨਮੈਂਟ ਲਾਅ Grubman Shire Meiselas And Sacks ਦੀ ਵੈਬਸਾਈਟ ਹੈਕ ਕਰ ਲਈ ਹੈ ਅਤੇ ਧਮਕੀ ਦਿੱਤੀ ਹੈ ਕਿ ਜੇਕਰ ਇਕ ਹਫਤੇ 'ਚ ਉਨ੍ਹਾਂ ਨੇ 42 ਮਿਲੀਅਨ ਡਾਲਰ ਭਾਵ ਲਗਪਗ 317 ਕਰੋੜ ਰੁਪਏ ਨਹੀਂ ਦਿੱਤੇ ਤਾਂ ਉਹ ਸਾਰੇ ਸੈਲੇਬ੍ਰਿਟੀਜ਼ ਦੀ ਨਿੱਜੀ ਜਾਣਕਾਰੀ ਇੰਟਰਨੈੱਟ 'ਤੇ ਜਨਤਕ ਕਰ ਦੇਣਗੇ। ਹੈਕਰਸ ਨੇ 12 ਮਈ ਨੂੰ 21 ਮਿਲੀਅਨ ਡਾਲਰ ਦੀ ਰਕਮ ਮੰਗੀ ਸੀ ਪਰ 14 ਮਈ ਨੂੰ ਇਹ ਰਕਮ ਦੁੱਗਣੀ ਕਰ ਦਿੱਤੀ। ਹਾਲਾਂਕਿ ਲਾਅ ਫਰਮ ਨੇ ਫਿਰੌਤੀ ਦੀ ਰਕਮ ਦੇਣ ਤੋਂ ਮਨਾ ਕਰ ਦਿੱਤਾ ਹੈ। ਅਮਰੀਕਨ ਜਾਂਚ ਏਜੰਸੀ ਐੱਫ. ਬੀ. ਆਈ. ਇਸ ਦੀ ਤਫਤੀਸ਼ 'ਚ ਜੁਟੀ ਹੈ।
ਆਈ. ਏ. ਐੱਨ. ਐੱਸ. ਦੀ ਰਿਪੋਰਟ 'ਚ ਵੈਰਾਇਟੀ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਹੈਕਰਸ ਨੇ ਇਸ ਫਰਮ ਤੋਂ 756 ਜੀਬੀ ਡਾਟਾ ਚੋਰੀ ਕੀਤਾ ਹੈ। ਸਾਈਬਰ ਸਿਰਿਓਰਿਟੀ ਫਰਮ ਐੱਮਸਿਸਸਾਫਟ ਅਨੁਸਾਰ, ਇਸ ਹੈਕਿੰਗ ਗਰੁੱਪ ਦਾ ਨਾਂ REvil ਭਾਵ Sodinokibi ਹੈ।

ਪ੍ਰਿਅੰਕਾ ਤੋਂ ਇਲਾਵਾ ਇਹ ਸੈਲੇਬ੍ਰਿਟੀਜ਼ ਮੁਸੀਬਤ 'ਚ
ਪ੍ਰਿਅੰਕਾ ਚੋਪੜਾ ਦੇ ਨਾਲ ਕਈ ਇੰਟਰਨੈਸ਼ਨਲ ਸੈਲੇਬ੍ਰਿਟੀਜ਼ ਇਸ ਨਵੀਂ ਮੁਸੀਬਤ 'ਚ ਫਸ ਗਏ ਹਨ। ਹੈਕਰਸ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕੋਲ ਪ੍ਰਿਅੰਕਾ, ਜੋਨਸ, ਲੇਡੀ ਗਾਗਾ, ਮੈਡੋਨਾ, ਨਿਕੀ ਮਿਨਾਜ, ਬਰੂਸ ਸਪ੍ਰਿੰਗਸਟੀਨ, ਜੈਸਿਕਾ ਸਿੰਪਸਨਸ ਈਡਾ ਮੇਲਜੇਲ, ਕ੍ਰਿਸਟੀਨਾ ਏਗਿਲੇਰਾ, ਮਾਰਾਯਾ ਕੈਰੀਸ ਮੈਰੀ ਜੇ ਬਿਲਜ਼, ਏਲਾ ਮਾਈ, ਕੈਮ ਨਿਊਟਰ, ਬੇਟਰ ਮਿਡਲਰ, ਰਨ ਡੀਐੱਮਸੀ ਅਤੇ ਫੇਸਬੁੱਕ ਦੀ ਨਿੱਜੀ ਜਾਣਕਾਰੀ ਹੈ।

ਕਈ ਵੱਡੀਆਂ ਕੰਪਨੀਆਂ ਵੀ ਲਿਸਟ 'ਚ
ਇਨ੍ਹਾਂ ਸੈਲੇਬ੍ਰਿਟੀਜ਼ ਤੋਂ ਇਲਾਵਾ ਇਸ ਫਰਮ ਦੀ ਲਿਸਟ 'ਚ ਡਿਸਕਵਰੀ, ਈ. ਐੱਮ. ਆਈ. ਮਿਊਜ਼ਿਕ ਗਰੁੱਪ, ਫੇਸਬੁੱਕ, ਐੱਚ. ਬੀ. ਓ, ਆਈਮੈਕਸ, ਐੱਮ. ਟੀ. ਵੀ, ਐੱਨ. ਬੀ. ਏ. ਇੰਟਰਟੇਨਮੈਂਟ, ਪਲੇਅਬੁਆਏ ਇੰਟਰਪ੍ਰਾਈਜਿਜ਼, ਸੈਮਸੰਗ ਇਲੈਕਟ੍ਰਾਨਿਕਸ, ਸੋਨੀ ਕਾਰਪ, ਸਪਾਟਿਫਾਈ, ਟ੍ਰਾਈਬੇਕਾ ਫਿਲਮ ਫੈਸਟੀਵਲ, ਯੂਨੀਵਰਸਲ ਮਿਊਜ਼ਿਕ ਗਰੁੱਪ ਅਤੇ ਵਾਈਸ ਮੀਡੀਆ ਗਰੁੱਪ ਸਮੇਤ ਕਈ ਵੱਡੀਆਂ ਕੰਪਨੀਆਂ ਸ਼ਾਮਿਲ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News