ਜਸਵਿੰਦਰ ਭੱਲਾ ਨੇ ਪੰਜਾਬੀ ਸਿਨੇਮਾ ''ਚ ਪਾਇਆ ਵੱਡਾ ਯੋਗਦਾਨ, ਜਾਣੋ ਸ਼ੁਰੂਆਤੀ ਸਫਰ ਤੋਂ PAU ਸੇਵਾ ਮੁਕਤ ਤੱਕ
6/1/2020 11:19:01 AM

ਜਲੰਧਰ (ਵੈੱਬ ਡੈਸਕ) — ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਅਤੇ ਪੀ. ਏ. ਯੂ. ਦੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਵਜੋਂ ਕਾਰਜਸ਼ੀਲ ਪ੍ਰਸਿੱਧ ਖੇਤੀ ਵਿਗਿਆਨੀ ਡਾ.ਜਸਵਿੰਦਰ ਸਿੰਘ ਭੱਲਾ ਪੀ. ਏ. ਯੂ. ਤੋਂ ਸੇਵਾ ਮੁਕਤ ਹੋ ਗਏ ਹਨ। ਇਸ ਮੌਕੇ ਯੂਨੀਵਰਸਿਟੀ ਦੇ ਮੌਜੂਦਾ ਅਤੇ ਸਾਬਕਾ ਉੱਚ ਅਧਿਕਾਰੀਆਂ ਅਤੇ ਖੇਤੀ ਮਾਹਿਰਾਂ ਨੇ ਡਾ. ਜਸਵਿੰਦਰ ਭੱਲਾ ਦੀ ਦੇਣ ਨੂੰ ਯਾਦ ਕੀਤਾ। ਕੋਵਿਡ-19 ਤੋਂ ਸੁਰੱਖਿਆ ਲਈ ਸਰਕਾਰੀ ਹਿਦਾਇਤਾਂ ਦੇ ਮੱਦੇਨਜ਼ਰ ਜਸਵਿੰਦਰ ਭੱਲਾ ਦੀ ਸੇਵਾਮੁਕਤੀ ਦਾ ਸਮਾਗਮ, ਉਨ੍ਹਾਂ ਦੇ ਫੇਸਬੁੱਕ ਪੇਜ ਤੋਂ ਪੂਰੀ ਦੁਨੀਆ 'ਚ ਆਨਲਾਈਨ ਪ੍ਰਸਾਰਿਤ ਕੀਤਾ ਗਿਆ ਸੀ। ਇਸ ਸਮਾਗਮ ਦੀ ਪ੍ਰਧਾਨਗੀ ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਕੇ. ਐੱਸ. ਔਲਖ ਅਤੇ ਡਾ. ਮਨਜੀਤ ਸਿੰਘ ਕੰਗ ਵੀ ਇਸ ਵਾਰਤਾ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਹੁਣ ਤਕ ਜਿੱਥੇ ਜਸਵਿੰਦਰ ਸਿੰਘ ਭੱਲਾ ਨੇ ਆਪਣੇ ਚੁਟਕਲਿਆਂ ਤੇ ਸਕਿੱਟਾਂ ਜਰੀਏ ਦਰਸ਼ਕਾਂ ਨੂੰ ਹਸਾਇਆ ਹੈ ਉੱਥੇ ਹੀ ਵਿਅੰਗ ਦੇ ਮਾਧਿਅਮ ਰਾਹੀਂ ਸਮਾਜ 'ਚ ਫੈਲੀਆਂ ਬੁਰਾਈਆਂ 'ਤੇ ਚੋਟ ਵੀ ਕੀਤੀ ਹੈ। ਅੱਜ ਡਾ. ਜਸਵਿੰਦਰ ਸਿੰਘ ਭੱਲਾ ਕਾਮੇਡੀ ਅਤੇ ਫਿਲਮੀ ਪਰਦੇ ਦੀ ਸ਼ਾਨ ਬਣ ਚੁੱਕਾ ਹੈ। ਇਸ ਮੁਕਾਮ 'ਤੇ ਪਹੁੰਚਣ ਲਈ ਉਸ ਨੂੰ ਲੰਬਾ ਸੰਘਰਸ਼ ਵੀ ਕਰਨਾ ਪਿਆ। ਬਹੁਤ ਘੱਟ ਦਰਸ਼ਕ ਜਾਣਦੇ ਹੋਣਗੇ ਕਿ ਜਸਵਿੰਦਰ ਭੱਲਾ ਨੇ ਕਰੀਅਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਸੀ ਪਰ ਉਸ ਨੂੰ ਸਫਲਤਾ ਅਤੇ ਪਛਾਣ ਇਕ ਕਾਮੇਡੀਅਨ ਤੇ ਅਦਾਕਾਰ ਵਜੋਂ ਜ਼ਿਆਦਾ ਮਿਲੀ ਹੈ। ਅੱਜ ਵੀ ਜਦੋਂ ਸੱਥਾਂ ਅੰਦਰ ਉਨ੍ਹਾਂ ਦੇ ਮਸ਼ਹੂਰ ਹੋਏ ਛਣਕਾਟਿਆਂ ਦੀ ਛਣਕਾਰ ਦੀਆਂ ਗੱਲਾਂ ਹੁੰਦੀਆਂ ਹਨ ਤਾਂ ਚਾਚੇ ਚਤਰੇ ਦੀਆਂ ਸ਼ੁਰਲੀਆਂ ਅਤੇ ਯਾ..ਯਾ.. ਵਾਲੇ ਐੱਨ. ਆਰ. ਆਈ. ਭਾਨੇ ਦੀਆਂ ਜੱਬਲੀਆਂ ਨਾਲ ਸਾਥੀ ਕਲਾਕਾਰਾਂ ਦੀ ਤਿੱਕੜੀ ਦੇ ਸੁਮੇਲ ਦੀ ਚਰਚਾ ਵੀ ਜ਼ਰੂਰ ਹੁੰਦੀ ਹੈ। ਇਸ ਤਿੱਕੜੀ 'ਚ ਜਸਵਿੰਦਰ ਭੱਲਾ, ਭਤੀਜ ਬਾਲ ਮੁਕੰਦ ਸ਼ਰਮਾ ਤੇ ਮੈਡਮ ਨੀਲੂ ਆਉਂਦੇ ਹਨ। ਇਨ੍ਹਾਂ ਤਿੰਨਾਂ ਨੇ ਲੰਮਾ ਸਮਾਂ 'ਛਣਕਾਟਾ' ਟਾਈਟਲ ਹੇਠ ਆਈਆਂ ਐਲਬਮਜ਼ 'ਚ ਆਪਣੀ ਕਲਾ ਦਾ ਖੂਬ ਮਨੋਰੰਜਨ ਕੀਤਾ ਅਤੇ ਸਰੋਤਿਆਂ ਨੇ ਵੀ ਇਨ੍ਹਾਂ ਦੀ ਕਲਾ ਨੂੰ ਰੱਜਵਾਂ ਪਿਆਰ ਦਿੱਤਾ।
ਜਸਵਿੰਦਰ ਸਿੰਘ ਭੱਲਾ ਦਾ ਜਨਮ 4 ਮਈ 1960 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਕਬਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਸਿੱਖਿਆ ਵਿਭਾਗ 'ਚ ਅਫਸਰ ਸਨ। ਭੱਲਾ ਸਕੂਲ ਦੀ ਪੜ੍ਹਾਈ ਦੌਰਾਨ ਹੀ ਵਧੀਆ ਗਾਉਣ ਲੱਗ ਪਏ ਸਨ। ਇਸੇ ਲਈ ਸਕੂਲ 'ਚ ਹੁੰਦੇ ਹਰੇਕ ਪ੍ਰੋਗਰਾਮ 'ਚ ਉਹ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾ ਕੇ ਸਕੂਲ ਅਧਿਆਪਕਾਂ ਤੋਂ ਸ਼ਾਬਾਸ਼ ਦੇ ਨਾਲ-ਨਾਲ ਕਈ ਇਨਾਮ ਵੀ ਪ੍ਰਾਪਤ ਕਰਦੇ ਸਨ। ਨੌਵੀਂ ਜਮਾਤ 'ਚ ਪੜ੍ਹਦਿਆਂ ਹੀ 1975 ਦੇ ਕਰੀਬ ਭੱਲਾ ਦਾ ਪਹਿਲਾ ਗੀਤ ਆਲ ਇੰਡੀਆ ਰੇਡੀਓ ਰਾਹੀਂ ਘਰ-ਘਰ ਵੱਜਿਆ। ਉਨ੍ਹਾਂ ਨੇ ਬੀ. ਐੱਸ. ਸੀ. ਅਤੇ ਐੱਮ. ਐੱਸ. ਸੀ. ਦੀ ਡਿਗਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਫਿਰ ਪੀ. ਐੱਚ. ਡੀ. ਕਰਕੇ ਇਸੇ ਯੂਨੀਵਰਸਿਟੀ 'ਚ ਹੀ ਬਤੌਰ ਪ੍ਰੋਫੈਸਰ ਸੇਵਾ ਵੀ ਨਿਭਾਉਂਦੇ ਸਨ।
ਜਸਵਿੰਦਰ ਸਿੰਘ ਭੱਲਾ ਦੀ ਖਾਸੀਅਤ ਹੈ ਕਿ ਜਿੱਥੇ ਉਨ੍ਹਾਂ ਦੀ ਕਾਮੇਡੀ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ ਉੱਥੇ ਹੀ ਉਨ੍ਹਾਂ ਵੱਲੋਂ ਬੋਲੇ ਡਾਇਲਾਗ ਵੀ ਬੇਹੱਦ ਮਸ਼ਹੂਰ ਹੋਏ ਹਨ। ਇਹ ਡਾਇਲਾਗ ਇਸ ਕਦਰ ਮਸ਼ਹੂਰ ਹੋਏ ਹਨ ਕਿ ਉਨ੍ਹਾਂ 'ਤੇ ਕਈ ਟਿਕ ਟਾਕ ਵੀਡੀਓਜ਼ ਵੀ ਬਣ ਚੁੱਕੀਆਂ ਹਨ ਅਤੇ ਕਈ ਡਾਇਲਾਗ ਤਾਂ ਆਮ ਹੀ ਲੋਕ ਬੋਲਦੇ ਸੁਣਾਈ ਦੇ ਜਾਂਦੇ ਹਨ। ਇਨ੍ਹਾਂ 'ਚੋਂ ਕੁਝ ਡਾਇਲਾਗ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਜਿਵੇਂ ਕਿ 'ਢਿੱਲੋਂ ਨੇ ਕਾਲਾ ਕੋਟ ਐਵੇਂ ਨੀਂ ਪਾਇਆ', 'ਗੰਦੀ ਔਲਾਦ ਨਾ ਮਜ਼ਾ ਨਾ ਸਵਾਦ' (ਫਿਲਮ ਕੈਰੀ ਆਨ ਜੱਟਾ), '365 ਚਲਿੱਤਰ ਨਾਰ ਦੇ, ਸਾਰਾ ਸਾਲ ਬੰਦੇ ਨੂੰ ਮਾਰਦੇ' (ਲੱਕੀ ਦੀ ਅਣ ਲੱਕੀ ਸਟੋਰੀ), 'ਆਂਡੇ ਮੋਗੇ ਤੇ ਕੁੜ ਕੁੜ ਮਲੋਟ, ਮੈਂ ਤਾਂ ਭੰਨ ਦਉਂ ਬੁੱਲਾਂ ਨਾਲ ਅਖਰੋਟ' (ਚੱਕ ਦੇ ਫੱਟੇ), 'ਹਵੇਲੀ ਤੇ ਸਹੇਲੀ ਏਨੀ ਛੇਤੀ ਨਹੀਂ ਬਣਦੀ' (ਜਹੀਨੇ ਮੇਰਾ ਦਿਲ ਲੁੱਟਿਆ), 'ਜੇ ਚੰਡੀਗੜ੍ਹ ਢਹਿ ਜੂ ਤਾਂ ਪਿੰਡਾਂ ਵਰਗਾ ਤਾਂ ਰਹਿ ਜੂ' (ਜੱਟ ਐਂਡ ਜੂਲੀਅਟ), 'ਮਾੜੀ ਸੋਚ ਤੇ ਪੈਰ ਦੀ ਮੋਚ, ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ' (ਜੱਟ ਬੁਆਏਜ਼ ਪੁੱਤ ਜੱਟਾਂ ਦੇ), 'ਇਕ ਤੇਰੀ ਅੜ੍ਹ ਭੰਨਣੀ, ਲੱਸੀ ਪੀਣ ਦਾ ਸ਼ੌਕ ਨਾ ਕੋਈ' (ਰੰਗੀਲੇ), 'ਜ਼ਮੀਨ ਬੰਜਰ ਤੇ ਔਲਾਦ ਕੰਜਰ, ਰੱਬ ਕਿਸੀ ਨੂੰ ਨਾ ਦੇਵੇ' (ਜੱਟ ਏਅਰਵੇਜ਼)।
ਯੂਨੀਵਰਸਿਟੀ 'ਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਜਸਵਿੰਦਰ ਭੱਲਾ ਨੇ ਜਲੰਧਰ ਦੂਰਦਰਸ਼ਨ ਦੇ ਮਸ਼ਹੂਰ ਪ੍ਰੋਗਰਾਮ 'ਰੁਲਦੇ ਦਾ ਵਿਆਹ' ਵਿਚ ਬਾਲ ਮੁਕੰਦ ਸ਼ਰਮਾ ਅਤੇ ਦਿਵਿਆ ਦੱਤਾ ਨਾਲ ਛੋਟੇ ਪਰਦੇ 'ਤੇ ਸ਼ਾਨਦਾਰ ਐਂਟਰੀ ਕੀਤੀ। ਇਸ ਪ੍ਰੋਗਰਮਾ ਨੂੰ ਸਰੋਤਿਆਂ ਦਾ ਚੰਗਾ ਹੁੰਗਾਰਾ ਮਿਲਿਆ ਤੇ ਇਨ੍ਹਾਂ ਦੀ ਪਛਾÎਣ ਹੋਰ ਵੀ ਗੂੜ੍ਹੀ ਹੋ ਗਈ। ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਦੇ ਨਾਲ-ਨਾਲ ਜਸਵਿੰਦਰ ਭੱਲਾ ਨੇ ਪੰਜਾਬੀ ਸਿਨੇਮਾ ਦੀ ਤਰੱਕੀ 'ਚ ਵੀ ਆਪਣਾ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ 'ਮਾਹੌਲ ਠੀਕ ਹੈ' (1999) ਤੋਂ ਹੋਈ। ਇਸ ਫਿਲਮ 'ਚ ਉਨ੍ਹਾਂ ਨੇ ਇੰਸਪੈਕਟਰ ਦਾ ਕਿਰਦਾਰ ਸ਼ਾਨਦਾਰ ਢੰਗ ਨਾਲ ਨਿਭਾਇਆ। ਇਸ ਫਿਲਮ 'ਚ ਬਾਲ ਮੁਕੰਦ ਸ਼ਰਮਾ ਵੀ ਪੁਲਸ ਵਾਲੇ ਦੇ ਕਿਰਦਾਰ 'ਚ ਨਜ਼ਰ ਆਏ। ਇਸ ਫਿਲਮ 'ਚ ਮਰਹੂਮ ਕਾਮੇਡੀ ਕਿੰਗ ਜਸਪਾਲ ਭੱਟੀ ਨੇ ਵੀ ਦਮਦਾਰ ਕਿਰਦਾਰ ਨਿਭਾਇਆ ਹੈ।
ਇਸ ਤੋਂ ਬਾਅਦ ਤਾਂ ਹੁਣ ਤਕ ਜਸਵਿੰਦਰ ਭੱਲਾ ਨੇ ਇਕ ਤੋਂ ਇਕ ਸ਼ਾਨਦਾਰ ਕਿਰਦਾਰ ਪੰਜਾਬੀ ਫਿਲਮਾਂ 'ਚ ਨਿਭਾਇਆ ਹੈ। ਇਨ੍ਹਾਂ 'ਚੋਂ ਬਹੁਤੇ ਕਿਰਦਾਰ ਤਾਂ ਸਰੋਤਿਆਂ ਦੇ ਦਿਲੋਂ ਦਿਮਾਗ 'ਚ ਇਸ ਕਦਰ ਵੱਸੇ ਹੋਏ ਹਨ ਕਿ ਜਦੋਂ ਵੀ ਭੱਲਾ ਬਾਰੇ ਕੋਈ ਗੱਲ ਚੱਲਦੀ ਹੈ ਤਾਂ ਉਹ ਕਿਰਦਾਰ ਆਪ ਮੁਹਾਰੇ ਅੱਖਾਂ ਮੂਹਰੇ ਘੁੰਮਣ ਲੱਗਦੇ ਹਨ। ਇਨ੍ਹਾਂ ਫਿਲਮਾਂ 'ਚ 'ਜੀਜਾ ਜੀ', 'ਚੱਕਦੇ ਫੱਟੇ', 'ਮੇਲ ਕਰਾਦੇ ਰੱਬਾ', 'ਜਹੀਨੇ ਮੇਰਾ ਦਿਲ ਲੁੱਟਿਆ', 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਨ 2', 'ਕੈਰੀ ਆਨ ਜੱਟਾ', 'ਸਰਦਾਰ ਜੀ', 'ਸਰਦਾਰ ਜੀ-2', 'ਡੈਡੀ ਕੂਲ ਮੁੰਡੇ ਫੂਲ', 'ਵਿਆਹ 70 ਕਿਲੋਮੀਟਰ', 'ਕਰੈਜ਼ੀ ਟੱਬਰ', 'ਵੇਖ ਬਰਾਤਾਂ ਚੱਲੀਆਂ', 'ਬੈਂਡ ਵਾਜੇ', 'ਗੋਲਕ ਬੂਗਨੀ ਬੈਂਕ ਤੇ ਬਟੂਆ', 'ਮੈਰਿਜ ਪੈਲੇਸ', 'ਪਾਵਰ ਕੱਟ', 'ਕੈਰੀ ਆਨ ਜੱਟਾ-2', 'ਨੌਕਰ ਵਹੁਟੀ ਦਾ' ਆਦਿ ਸ਼ਾਮਲ ਹਨ।
ਡਾ. ਜਸਵਿੰਦਰ ਸਿੰਘ ਭੱਲਾ ਸਾਲ 1989 'ਚ ਪਸਾਰ ਸਿੱਖਿਆ ਵਿਭਾਗ 'ਚ ਅਧਿਆਪਕ ਵਜੋਂ ਪੀ. ਏ. ਯੂ. ਦਾ ਹਿੱਸਾ ਬਣੇ। 30 ਸਾਲ ਤੋਂ ਵਧੇਰੇ ਸਮਾਂ ਉਨ੍ਹਾਂ ਨੇ ਨਾ ਸਿਰਫ ਪੰਜਾਬੀ ਫਿਲਮ ਉਦਯੋਗ 'ਚ ਇੱਕ ਅਦਾਕਾਰ ਵਜੋਂ ਸਫਲਤਾ ਹਾਸਲ ਕੀਤੀ ਸਗੋਂ ਉਹ ਸਾਧਾਰਨ ਜਨਤਾ 'ਚ ਪੀ. ਏ. ਯੂ. ਦਾ ਮਕਬੂਲ ਚਿਹਰਾ ਬਣੇ ਰਹੇ। ਕਿਸਾਨ ਮੇਲਿਆਂ ਦੇ ਮੰਚਾਂ ਤੋਂ ਡਾ. ਭੱਲਾ ਆਪਣੀ ਚੁਸਤ ਅਤੇ ਹਾਜ਼ਰ-ਜਵਾਬ ਸੰਚਾਲਨਾ ਲਈ ਜਾਣੇ ਜਾਂਦੇ ਹਨ। ਮੌਜੂਦਾ ਸਮੇਂ ਉਹ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਵਜੋਂ ਕਾਰਜਸ਼ੀਲ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ