'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਦਾ ਗੀਤ 'ਅੰਬਰਸਰ ਦੇ ਪਾਪੜ' ਬਣਿਆ ਚਰਚਾ 'ਚ

5/7/2019 9:12:57 AM

ਜਲੰਧਰ (ਬਿਊਰੋ) — ਜਦ ਕਦੇ ਵੀ ਤੁਹਾਨੂੰ ਅੰਬਰਸਰ ਦੇ ਪਾਪੜ ਸ਼ਬਦ ਸੁਣਨ ਨੂੰ ਮਿਲਦਾ ਹੋਵੇਗਾ ਤਾਂ ਤੁਹਾਡੇ ਦਿਮਾਗ 'ਚ ਪ੍ਰਸਿੱਧ ਗਾਇਕਾ 'ਡੌਲੀ ਗੁਲੇਰੀਆ' ਦਾ ਪ੍ਰਸਿੱਧ ਗੀਤ 'ਅੰਬਰਸਰੇ ਦੇ ਪਾਪੜ ਵੇ ਮੈਂ ਖਾਂਦੀ ਨਾ' ਜ਼ਰੂਰ ਆਉਂਦਾ ਹੋਵੇਗਾ। ਦਹਾਕਿਆਂ ਪੁਰਾਣੇ ਇਸ ਗੀਤ ਦੇ ਬੋਲ ਅੱਜ ਵੀ ਤਾਜ਼ੇ ਲੱਗਦੇ ਹਨ ਪਰ ਇਸ ਵਾਰ 'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਦੇ ਨਿਰਮਾਤਾਵਾਂ ਨੇ 'ਅੰਬਰਸਰ ਦੇ ਪਾਪੜ' ਗੀਤ ਦੇ ਜਾਦੂ ਨੂੰ ਚੰਡੀਗੜ੍ਹ ਦੀ ਖ਼ੂਬਸੂਰਤੀ ਦੇ ਨਾਲ ਤੁਲਨਾ ਕਰ ਕੇ ਬਿਖੇਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਅਤੇ ਸੁਨਿਧੀ ਚੌਹਾਨ ਨੇ ਆਪਣੀ ਆਵਾਜ਼ ਦਿੱਤੀ ਹੈ। ਫਿਲਮ ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੁੰਦਿਆ ਹੀ ਫਿਲਮ ਦਾ ਇਹ ਗੀਤ ਟਰੈਡਿੰਗ 'ਚ ਛਾਇਆ ਹੋਇਆ ਹੈ। ਇਸ ਗੀਤ ਨੂੰ ਮਨਿੰਦਰ ਕੈਲੇ ਵਲੋਂ ਲਿਖਿਆ ਗਿਆ ਹੈ ਤੇ ਜਤਿੰਦਰ ਸ਼ਾਹ ਨੇ ਇਸ ਗੀਤ ਨੂੰ ਕੰਪੋਜ਼ ਕੀਤਾ ਹੈ।

   ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇ ਗੀਤ ਅੰਬਰਸਰ ਦੇ ਪਾਪੜ ਦਾ ਵੀਡੀਓ —


ਗੀਤ ਬਾਰੇ ਬੋਲਦਿਆਂ ਗਿੱਪੀ ਗਰੇਵਾਲ ਨੇ ਕਿਹਾ ਕਿ ਮੈਂ 'ਅੰਬਰਸਰ ਦੇ ਪਾਪੜ' ਗੀਤ ਨੂੰ ਆਪਣੇ ਬਚਪਨ ਤੋਂ ਸੁਣਦਾ ਆ ਰਿਹਾ ਹਾਂ। 'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਦੇ ਨਿਰਮਾਤਾਵਾਂ ਨੇ ਇਸ ਗੀਤ ਨੂੰ ਫ਼ਿਲਮ 'ਚ ਪਾਉਣ ਦਾ ਫ਼ੈਸਲਾ ਲਿਆ ਅਤੇ ਮੈਨੂੰ ਇਹ ਗੀਤ ਗਾਉਣ ਦਾ ਮੌਕਾ ਮਿਲਿਆ ਜੋ ਕਿ ਮੇਰੇ ਲਈ ਅਵਿਸ਼ਵਾਸੀ ਅਨੁਭਵ ਸੀ। ਅਸੀਂ ਇਸ ਨੂੰ ਆਪਣੇ ਅੰਦਾਜ਼ ਵਿਚ ਗਾਇਆ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਲੋਕਾਂ ਨੂੰ ਸਾਡਾ ਇਹ ਗੀਤ ਪਸੰਦ ਆਵੇਗਾ ਅਤੇ 'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਫਿਲਮ ਨੂੰ ਵੀ ਲੋਕ ਬਹੁਤ ਪਿਆਰ ਦੇਣਗੇ।

ਸੁਨਿਧੀ ਚੌਹਾਨ ਜੋ ਇਸ ਗੀਤ ਦੀ ਫੀਮੇਲ ਗਾਇਕਾ ਹਨ, ਨੇ ਕਿਹਾ ਕਿ ਪੰਜਾਬੀ ਗੀਤ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹਿੰਦੇ ਹਨ। 'ਅੰਬਰਸਰ ਦੇ ਪਾਪੜ' ਇਕ ਅਜਿਹਾ ਗੀਤ ਹੈ ਜਿਸ ਬਾਰੇ ਮੈਨੂੰ ਯਕੀਨ ਹੈ ਕਿ ਲੋਕ ਇਸ ਨੂੰ ਪਿਆਰ ਦੇਣਗੇ ਅਤੇ ਰਿਪੀਟ ਸੁਣਨਗੇ। ਮੈਂ ਪੂਰੀ ਟੀਮ ਨੂੰ ਫ਼ਿਲਮ ਲਈ ਸ਼ੁੱਭਕਾਮਨਾਵਾਂ ਦਿੰਦੀ ਹਾਂ।

PunjabKesari
ਕਰਨ ਆਰ ਗੁਲਿਆਨੀ ਦੁਆਰਾ ਡਾਇਰੈਕਟ ਕੀਤੀ ਇਸ ਰੋਮਾਂਟਿਕ ਕਾਮੇਡੀ ਫ਼ਿਲਮ 'ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਨਰੇਸ਼ ਕਥੂਰੀਆ ਨੇ ਇਸ ਫ਼ਿਲਮ ਦਾ ਸਕਰੀਨ ਪਲੇਅ ਅਤੇ ਡਾਇਲਾਗਸ ਲਿਖੇ ਹਨ। ਫ਼ਿਲਮ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। ਇਸ ਸਾਰੇ ਪ੍ਰਾਜੈਕਟ ਨੂੰ ਸੁਮੀਤ ਦੱਤ, ਅਨੁਪਮਾ ਕਟਕਰ ਅਤੇ ਏਰਾ ਦੱਤ ਵਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਇਸ ਫ਼ਿਲਮ 'ਚ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। ਪੂਰੇ ਵਿਸ਼ਵਭਰ ਵਿਚ ਇਸ ਫਿਲਮ ਦੀ ਡਿਸਟਰੀਬਿਊਸ਼ਨ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਵਲੋਂ ਕੀਤੀ ਜਾਵੇਗੀ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News