ਪੰਜਾਬੀ ਮਾਂ-ਬੋਲੀ ਦਾ ਮਿੱਠੜਾ ਤੇ ਪਿਆਰਾ ਫਨਕਾਰ ਫਿਰੋਜ਼ ਖਾਨ, ਜਾਣੋ ਸੰਗੀਤਕ ਸਫਰ ਬਾਰੇ
6/4/2020 1:32:56 PM

ਜਲੰਧਰ (ਬਿਊਰੋ) — ਸੰਗੀਤ ਸਾਡੀ ਰੂਹ ਦੀ ਖੁਰਾਕ ਹੈ। ਕੁਦਰਤ ਦੇ ਕਣ-ਕਣ 'ਚ ਸੰਗੀਤ ਵਸਿਆ ਹੋਇਆ ਹੈ। ਸਮੇਂ-ਸਮੇਂ ਤੇ ਮਨੁੱਖ ਨੇ ਸ਼ਾਜ ਬਣਾ ਕੇ ਸੰਗੀਤਕ ਧੁਨਾਂ ਨੂੰ ਖੂਬਸੂਰਤ ਆਵਾਜ਼ ਦੇਣ ਦਾ ਯਤਨ ਕੀਤਾ ਹੈ। ਪੰਜਾਬੀ ਸੰਗੀਤ ਖੇਤਰ 'ਚ ਮਿੱਠੀ ਆਵਾਜ਼ ਨਾਲ ਹਰ ਕਿਸੇ ਨੂੰ ਕੀਲ ਕੇ ਰੱਖ ਦੇਣ ਵਾਲੇ ਨੌਜਵਾਨ ਗਾਇਕ ਫਿਰੋਜ਼ ਖਾਨ ਦਾ ਨਾਂ ਕਿਸੇ ਰਸਮੀ ਤੁਆਰਫ ਦਾ ਮੁਹਤਾਜ ਨਹੀਂ। ਫਿਰੋਜ਼ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਧਲੇਰ ਕਲਾਂ 'ਚ ਪਿਤਾ ਖੁਸ਼ੀ ਮੁਹੰਮਦ ਤੇ ਮਾਤਾ ਸੰਦੀਕਨ ਦੇ ਘਰ 1973 ਨੂੰ ਹੋਇਆ। ਉਸ ਨੂੰ ਸੰਗੀਤ ਦੀ ਗੁੜਤੀ ਵਿਰਾਸਤ 'ਚ ਮਿਲੀ ਹੈ। ਫਿਰੋਜ਼ ਨੇ ਦੱਸਿਆ ਕਿ ਸ਼ੁਰੂਆਤੀ ਦੌਰ 'ਚ ਪ੍ਰਸਿੱਧ ਸੰਗੀਤਕਾਰ ਤੇਜਵੰਤ ਕਿੱਟੂ ਨੇ ਉਸ ਦੀ ਬੇਹੱਦ ਮਦਦ ਕੀਤੀ। ਕਿੱਟੂ ਨੇ ਉਸ ਦੀ ਕਾਬਲੀਅਤ ਨੂੰ ਵੇਖਦਿਆਂ ਗਾਇਨ ਕਲਾ ਦੇ ਨਾਲ-ਨਾਲ ਪੜ੍ਹਾਈ ਜਾਰੀ ਰੱਖਣ ਦੀ ਪ੍ਰੇਰਨਾ ਵੀ ਉਸ ਨੂੰ ਦਿੱਤੀ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸੇ ਹੌਸਲੇ ਸਦਕਾ ਉਹ ਦ੍ਰਿੜ੍ਹ ਇਰਾਦੇ ਨਾਲ ਤੁਰਿਆ ਤੇ ਬਸ ਤੁਰਿਆ ਹੀ ਗਿਆ।
ਫਿਰੋਜ਼ ਖਾਨ ਨੇ ਸੁਰ ਸੰਗੀਤ ਦੀ ਸਿੱਖਿਆ ਜਨਾਬ ਸ਼ੌਕਤ ਅਲੀ ਮਤੋਈ ਤੋਂ ਹਾਸਲ ਕੀਤੀ। ਸੰਜੀਦਾ ਤੇ ਗੰਭੀਰ ਸ਼ਖ਼ਸੀਅਤ ਸਦਕਾ ਅੱਜ ਉਹ ਪੰਜਾਬੀ ਗਾਇਕੀ ਦੇ ਅਤੀ ਸੁਰੀਲੇ ਤੇ ਸੰਗਾਊ ਫਨਕਾਰ ਵਜੋਂ ਚਰਚਿਤ ਹੈ। ਉਸ ਦੀ ਗਾਉਣ ਸ਼ੈਲੀ ਸਾਫ-ਸੁਥਰੀ ਅਤੇ ਲੋਕ ਮਨਾਂ ਨੂੰ ਟੁੰਬਣ ਦੀ ਤਾਕਤ ਰੱਖਦੀ ਹੈ। ਫਿਰੋਜ਼ ਦੀ ਗਾਇਕੀ ਹਰਜਿੰਦਰ ਬੱਲ ਦੀ ਲੇਖਣੀ ਰਾਹੀਂ ਪ੍ਰਵਾਨ ਚੜ੍ਹੀ ਹੈ। ਪਹਿਲੀ ਵਾਰ ਜਦੋਂ ਉਹ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ 'ਲਿਸ਼ਕਾਰਾ' ਰਾਹੀਂ ਆਪਣੀ ਦਰਦ ਭਰੀ ਆਵਾਜ਼ 'ਚ ਗਾਇਆ ਗੀਤ 'ਤੇਰੀ ਮੈਂ ਹੋ ਨਾ ਸਕੀ' ਲੈ ਕੇ ਸਰੋਤਿਆਂ ਦੇ ਰੂ-ਬ-ਰੂ ਹੋਇਆ ਤਾਂ ਉਸ ਨੂੰ ਚੰਗਾ ਹੁੰਗਾਰਾ ਮਿਲਿਆ। ਉਸ ਦੀ ਬਾਕਮਾਲ ਆਵਾਜ਼ ਅਤੇ ਖੂਬਸੂਰਤ ਪੇਸ਼ਕਾਰੀ ਸਦਕਾ ਸਰੋਤਿਆਂ ਨੇ ਉਸ ਨੂੰ ਖਿੜ੍ਹੇ ਮੱਥੇ ਕਬੂਲ ਕਰ ਲਿਆ। ਉਹ ਉਦੋਂ ਤੋਂ ਅੱਜ ਤੱਕ ਪੰਜਾਬੀ ਮਾਂ-ਬੋਲੀ ਦਾ ਮਿੱਠੜਾ ਤੇ ਪਿਆਰਾ ਫਨਕਾਰ ਬਣਿਆ ਹੋਇਆ ਹੈ। ਉਸ ਦੀ ਗਾਇਨ ਸ਼ੈਲੀ ਵਿਚ ਰੱਤੀ ਭਰ ਵੀ ਕੁਤਾਹੀ ਨਜ਼ਰ ਨਹੀਂ ਆਉਂਦੀ। ਫਿਰੋਜ਼ ਦੀ ਫਿਤਰਤ 'ਚ ਹਥਿਆਰਾਂ ਤੇ ਭੜਕਾਊ ਗੀਤਾਂ ਲਈ ਕੋਈ ਥਾਂ ਨਹੀਂ ਹੈ। ਉਹ ਆਪਣੇ ਗੀਤਾਂ ਦੀ ਚੋਣ ਕਰਦਿਆਂ ਸਮੇਂ ਸੌ ਵਾਰ ਸੋਚਦਾ ਹੈ, ਸ਼ਾਇਦ ਇਹੀ ਕਾਰਨ ਹੈ ਕਿ ਅੱਜ ਉੱਚ ਕੋਟੀ ਦੇ ਗਾਇਕ ਉਸ ਦੀ ਗਾਇਕੀ ਦੇ ਕਾਇਲ ਹਨ।
ਉਦਾਸ ਫਿਜ਼ਾਵਾਂ 'ਚ ਗੁਆਚਿਆ ਉਹ ਪਾਣੀ ਦੀਆਂ ਛੱਲਾਂ ਦੇ ਕੁਦਰਤੀ ਸੰਗੀਤ ਦੀ ਮਧੁਰਤਾ ਕੋਲ ਗੁਣ ਗੁਣਾਉਂਦਾ ਕਾਇਨਾਤ ਨੂੰ ਰੋਸ਼ਨਾ ਦਿੰਦਾ ਹੈ। ਉਹ ਆਪਣੀ ਗਮਗੀਨ ਆਵਾਜ਼ ਰਾਹੀਂ ਵਿਛੜੇ ਸੱਜਣ ਨੂੰ ਤਾਹਨੇ-ਮਿਹਣਿਆਂ ਨਾਲ ਨਹੀਂ ਨਿਵਾਜਦਾ, ਸਗੋਂ ਬੀਤੇ ਵੇਲੇ ਦੀਆਂ ਸੰਧੂਰੀ ਸ਼ਾਮਾਂ ਨੂੰ ਬੇਹੱਦ ਸਕੂਨ ਨਾਲ ਯਾਦ ਕਰਦਾ ਹੈ। 'ਉਹ ਅੱਜ ਸੱਜਣਾ ਵੇ ਮਿਲਿਆਂ ਨੂੰ ਹੋ ਗਿਆ ਜ਼ਮਾਨਾ' ਗੀਤ ਗਾਉਣ ਵੇਲੇ ਜੋ ਦਰਦ ਫਿਰੋਜ਼ ਦੀ ਆਵਾਜ਼ 'ਚੋਂ ਨਿਕਲਿਆ ਉਸ ਨੂੰ ਸੁਣ ਕੇ ਹਰ ਸੰਵੇਦਨਸ਼ੀਲ ਰੂਹ ਭਾਵੁਕ ਹੋ ਉਠਦੀ ਹੈ।
'ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ' ਗੀਤ ਰਾਹੀਂ ਉਸ ਨੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਜਿਸ ਤਰ੍ਹਾਂ ਬਿਆਨ ਕੀਤਾ, ਸੁਣ ਕੇ ਹਰ ਅੱਖ ਨਮ ਹੋ ਉੱਠਦੀ ਹੈ। ਸੰਵੇਦਨਸ਼ੀਲ ਮਨਾਂ 'ਚੋਂ ਸਿਸਕੀਆਂ ਨਿਕਲਦੀਆਂ ਹਨ। ਫਿਰੋਜ਼ ਨੇ ਹੁਣ ਤੱਕ ਦੋ ਦਰਜਨ ਤੋਂ ਜ਼ਿਆਦਾ ਐਲਬਮ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾਈਆਂ ਹਨ। ਉਸ ਦੇ ਮਕਬੂਲ ਗੀਤਾਂ ਵਿਚੋਂ 'ਪਾਣੀ ਦੀਆਂ ਛੱਲਾਂ', 'ਲੁੱਕ ਲੁੱਕ ਰੋਵਾਂਗੇ', 'ਉਮਰਾਂ ਦੀ ਸਾਂਝ', 'ਦੁਹਾਈ ਦੇਣ ਆਈ ਏਂ', 'ਜ਼ਮਾਨਾ', 'ਮੱਥੇ ਦੀਆਂ ਲਕੀਰਾਂ', 'ਮਾਵਾਂ ਚੇਤੇ ਆਉਂਦੀਆਂ ਨੇ', 'ਦਿਲ ਦੀ ਦੀਵਾਨਗੀ', 'ਵਿਛੜੇ ਸੱਜਣ', 'ਚਿੱਟੀਆਂ ਵੰਗਾਂ' ਆਦਿ ਨੇ ਸੰਗੀਤਕ ਦੁਨੀਆ 'ਚ ਖੂਬ ਮਾਣ-ਸਨਮਾਨ ਹਾਸਲ ਕੀਤਾ ਹੈ। ਫਿਰੋਜ਼ ਨੇ ਪੰਜਾਬੀ ਫਿਲਮਾਂ 'ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ।
ਪੰਜਾਬੀ ਫਿਲਮਾਂ 'ਤੇਰਾ ਮੇਰਾ ਕੀ ਰਿਸ਼ਤਾ', 'ਮੰਨਤ', 'ਯਾਰਾਂ ਨਾਲ ਬਹਾਰਾਂ', 'ਮਿਸਟਰ ਐਡ ਮਿਸਜ 420', 'ਮੇਲ ਕਰਾਦੇ ਰੱਬਾ', 'ਪੱਚੀ ਕਿੱਲੇ', 'ਆਗੇ ਮੁੰਡੇ ਯੂਕੇ' ਦੇ ਅਤੇ 'ਵਿਸਾਖੀ' ਤੋਂ ਇਲਾਵਾ ਬਾਲੀਵੁੱਡ ਦੀ ਫਿਲਮ 'ਲੰਡਨ ਡਰੀਮ' 'ਚ ਵੀ ਉਸ ਨੇ ਗੀਤ ਗਾਏ ਹਨ। ਉਸ ਨੇ ਇਕ ਪੰਜਾਬੀ ਫਿਲਮ 'ਜੁਗਾੜੀ ਜੱਟ ਡਾਟ ਕਾਮ' 'ਚ ਬਤੌਰ ਨਾਇਕ ਵਜੋਂ ਕੰਮ ਵੀ ਕੀਤਾ ਪਰ ਇਹ ਫਿਲਮ ਕੋਈ ਵੱਡਾ ਮਾਅਰਕਾ ਨਹੀਂ ਮਾਰ ਸਕੀ। ਫਿਰੋਜ਼ ਦਾ ਆਪਣਾ ਵਿਲੱਖਣ ਸਰੋਤਾ ਵਰਗ ਕਾਇਮ ਹੈ। ਉਹ ਸਾਫ-ਸੁਥਰਾ ਗਾਣਾ ਗਾਉਣ 'ਚ ਵਿਸ਼ਵਾਸ ਰੱਖਦਾ ਹੈ। ਇਹੀ ਕਾਰਨ ਹੈ ਕਿ ਉਸ ਦੇ ਸਰੋਤੇ ਵੀ ਤੰਦਰੁਸਤ ਸੋਚ ਦੇ ਧਾਰਨੀ ਹਨ। ਫਿਰੋਜ਼ ਨੂੰ ਹੁਣ ਤਕ ਅਨੇਕਾਂ ਮਾਣ-ਸਨਮਾਨ ਮਿਲ ਚੁੱਕੇ ਹਨ।
ਫਿਰੋਜ਼ ਖਾਨ ਦੱਸਦਾ ਹੈ ਕਿ ਮੁਹੰਮਦ ਰਫੀ ਐਵਾਰਡ ਤੇ ਪੀਟੀਸੀ ਵਲੋਂ ਮਿਲੇ ਬੈਸਟ ਪਲੇਅ ਬੈਕ ਸਿੰਗਰ ਐਵਾਰਡ ਉਸ ਲਈ ਬੇਹੱਦ ਯਾਦਗਾਰੀ ਹਨ। ਉਂਝ ਉਸ ਦਾ ਇਹ ਵੀ ਮੰਨਣਾ ਹੈ ਕਿ ਸਰੋਤਿਆਂ ਵਲੋਂ ਮਿਲੇ ਅਥਾਹ ਪਿਆਰ ਨੂੰ ਹੀ ਦੁਨੀਆ ਦਾ ਸਭ ਤੋਂ ਵੱਡਾ ਮਾਣ-ਸਨਮਾਨ ਸਮਝਿਆ ਜਾਣਾ ਚਾਹੀਦਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ