ਹਿੱਟ ਪੰਜਾਬੀ ਗੀਤਾਂ ਦਾ ਵੀਡੀਓ ਡਾਇਰੈਕਟਰ ਰਾਹੁਲ ਦੱਤਾ

3/13/2020 8:57:00 AM

ਕਿਸੇ ਗੀਤ ਨੂੰ ਹਿੱਟ ਬਣਾਉਣ ’ਚ ਉਸ ਦੀ ਵੀਡੀਓ ਵੱਡਾ ਯੋਗਦਾਨ ਪਾਉਂਦੀ ਹੈ। ਜੇਕਰ ਗੀਤ ਦੀ ਆਡੀਓ ਵਧੀਆ ਹੈ ਤੇ ਵੀਡੀਓ ਚੰਗੀ ਨਹੀਂ ਬਣੀ ਤਾਂ ਲੋਕ ਉਸ ਗੀਤ ਨੂੰ ਪਸੰਦ ਨਹੀਂ ਕਰਦੇ। ਅੱਜ ਤੁਹਾਨੂੰ ਅਸੀਂ ਪੰਜਾਬੀ ਵੀਡੀਓ ਡਾਇਰੈਕਟਰ ਰਾਹੁਲ ਦੱਤਾ ਨਾਲ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ। ਰਾਹੁਲ ਦੱਤਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਿੱਟ ਵੀਡੀਓ ਡਾਇਰੈਕਟਰਾਂ ’ਚੋਂ ਇਕ ਹਨ। ਰਾਹੁਲ ਦੱਤਾ ਨੇ ਕਈ ਹਿੱਟ ਪੰਜਾਬੀ ਗੀਤ ਡਾਇਰੈਕਟ ਕੀਤੇ ਹਨ, ਜਿਨ੍ਹਾਂ 'ਚ ‘ਸੇਮ ਬੀਫ’, ‘ਮੁੰਡਾ ਆਈਫੋਨ ਵਰਗਾ’, ‘ਜੀਨ’, ‘ਸਾਡੀ ਵਾਰੀ ਆਉਣ ਦੇ’, ‘ਕੁੜੀਆਂ ਜਾਂ ਮਾਪੇ’, ‘ਵਹਿਮ’ ਸਮੇਤ ਕਈ ਗੀਤ ਸ਼ਾਮਲ ਹਨ। ਰਾਹੁਤ ਦੇ ਹਿੱਟ ਗੀਤਾਂ ਦੀ ਲਿਸਟ ਵੀ ਕਾਫੀ ਲੰਮੀ ਹੈ। ਹਾਲ ਹੀ 'ਚ ਉਨ੍ਹਾਂ ਨਾਲ ਵੀਡੀਓਗ੍ਰਾਫੀ ਤੇ ਡਾਇਰੈਕਸ਼ਨ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਵੀਡੀਓ ਡਾਇਰੈਕਟਰ ਬਣਨ ਬਾਰੇ ਤੁਸੀਂ ਕਦੋਂ ਸੋਚਿਆ?

ਮੈਨੂੰ ਕਾਲਜ ਦੇ ਸ਼ੁਰੂਆਤੀ ਦਿਨਾਂ ’ਚ ਫੋਟੋਗ੍ਰਾਫੀ ਦਾ ਬਹੁਤ ਸ਼ੌਕ ਸੀ। ਮੈਂ ਏ. ਪੀ. ਜੇ. ਕਾਲਜ ਜਲੰਧਰ ਤੋਂ ਪੜ੍ਹਾਈ ਕੀਤੀ ਹੈ। ਫੋਟੋਗ੍ਰਾਫੀ ਦੇ ਨਾਲ ਹੀ ਮੈਨੂੰ ਵੀਡੀਓ ਬਣਾਉਣ ਦਾ ਸ਼ੌਕ ਪਿਆ। ਵੀਡੀਓ ਦੇ ਨਾਲ-ਨਾਲ ਮੈਂ ਐਡੀਟਿੰਗ ਵੀ ਸਿੱਖੀ। ਉਸ ਦੌਰਾਨ ਮੈਨੂੰ ਲੱਗਾ ਕਿ ਵੀਡੀਓ ਡਾਇਰੈਕਸ਼ਨ ਵੱਲ ਜਾਣਾ ਚਾਹੀਦਾ ਹੈ।

ਪਹਿਲਾ ਗੀਤ ਕਦੋਂ ਡਾਇਰੈਕਟ ਕੀਤਾ ਤੇ ਸਫਰ ਅੱਗੇ ਕਿਵੇਂ ਵਧਿਆ?

ਪਹਿਲੀ ਵੀਡੀਓ ਮੈਂ ਸਾਲ 2013 'ਚ ਡਾਇਰੈਕਟ ਕੀਤੀ ਸੀ। ਏ. ਕੇ. ਦੇ ਗੀਤ ‘ਮੁੰਡਾ ਆਈਫੋਨ ਵਰਗਾ’ ਨਾਲ ਮੇਰੇ ਵੀਡੀਓ ਡਾਇਰੈਕਸ਼ਨ ਕਰੀਅਰ ਦੀ ਸ਼ੁਰੂਆਤ ਹੋਈ। 'ਮੁੰਡਾ ਆਈਫੋਨ ਵਰਗਾ' ਗੀਤ ਤੋਂ ਬਾਅਦ ਏ. ਕੇ. ਦਾ ਹੀ ਗੀਤ 'ਕੁੜੀਆਂ ਜਾਂ ਮਾਪੇ' ਡਾਇਰੈਕਟ ਕੀਤਾ। ਹੌਲੀ-ਹੌਲੀ ਫਿਰ ਰਣਜੀਤ ਬਾਵਾ ਦੇ ਗੀਤ 'ਜੀਨ' ਤੇ 'ਸਾਡੀ ਵਾਰੀ ਆਉਣ ਦੇ' ਡਾਇਰੈਕਟ ਕੀਤੇ। 2013 ਤੋਂ ਸ਼ੁਰੂ ਹੋਇਆ ਇਹ ਸਫਰ ਹੁਣ ਤਕ ਜਾਰੀ ਹੈ।

ਕਿਹੜੇ ਕੈਮਰੇ ਨਾਲ ਵੀਡੀਓ ਡਾਇਰੈਕਸ਼ਨ ਦੀ ਸ਼ੁਰੂਆਤ ਕੀਤੀ ਸੀ?

ਸ਼ੁਰੂਆਤ ਅਸੀਂ ਆਪਣੇ ਕੈਮਰੇ ‘ਕੈਨਨ 600 ਡੀ’ ਨਾਲ ਕੀਤੀ ਸੀ। ਉਸ ਸਮੇਂ ਅਸੀਂ ਇਹ ਕੈਮਰਾ 40000 ਰੁਪਏ ’ਚ ਖਰੀਦਿਆ ਸੀ। ਅਸੀਂ ਕੈਮਰੇ ਨਾਲ ਖੁਦ ’ਤੇ ਕਾਫੀ ਤਜਰਬੇ ਕਰਦੇ ਰਹਿੰਦੇ ਸੀ। ਖੁਦ ਦੀਆਂ ਵੀਡੀਓਜ਼ ਬਣਾ ਕੇ ਉਨ੍ਹਾਂ ਨੂੰ ਹੀ ਐਡਿਟ ਕਰਦੇ ਸੀ। ਸ਼ੁਰੂਆਤੀ ਦਿਨਾਂ ’ਚ ਸਾਡੇ ਕੋਲ ਪ੍ਰਾਜੈਕਟਸ ਵੀ ਜ਼ਿਆਦਾ ਨਹੀਂ ਸਨ। ਉਸ ਕੈਮਰੇ 'ਤੇ 1-2 ਗੀਤ ਡਾਇਰੈਕਟ ਕੀਤੇ। ਫਿਰ ਕੈਮਰੇ ਰੈਂਟ ’ਤੇ ਲੈਣੇ ਸ਼ੁਰੂ ਕੀਤੇ ਤੇ ਅੱਜ ਅਸੀਂ ਰੈੱਡ ਕੈਮਰੇ ’ਤੇ ਵੀਡੀਓ ਸ਼ੂਟ ਕਰਦੇ ਹਾਂ।

ਏ. ਕੇ. ਦਾ ਗੀਤ ਕਰਨ ਦਾ ਸਬੱਬ ਕਿਵੇਂ ਬਣਿਆ ਸੀ?

ਏ. ਕੇ. ਦਾ 'ਮੁੰਡਾ ਆਈਫੋਨ ਵਰਗਾ' ਗੀਤ ਕਰਨ ਪਿੱਛੇ ਬੜੀ ਲੰਮੀ ਕਹਾਣੀ ਹੈ। ਇਸ ਗੀਤ ਦੀਆਂ ਕੁਝ ਲਾਈਨਾਂ ਪ੍ਰੀਤ ਹੁੰਦਲ ਨੇ ਆਪਣੇ ਫੇਸਬੁੱਕ ਪੇਜ 'ਤੇ ਅਪਲੋਡ ਕੀਤੀਆਂ ਸਨ, ਜਿਸ ਨੂੰ ਮੈਂ ਦੇਖਿਆ ਸੀ। ਇਕ ਦਿਨ ਮੈਂ ਚੰਡੀਗੜ੍ਹ ਦੇ ਕਿਸੇ ਸਟੂਡੀਓ ’ਚ ਬੈਠਾ ਸੀ ਤੇ ਮੈਂ ਸੁਣਿਆ ਕਿ ਜੋ ਲਾਈਨਾਂ ਪ੍ਰੀਤ ਹੁੰਦਲ ਨੇ ਫੇਸਬੁੱਕ ’ਤੇ ਅਪਲੋਡ ਕੀਤੀਆਂ ਹਨ, ਉਨ੍ਹਾਂ ਨੂੰ ਕਿਸੇ ਨੇ ਗੀਤ 'ਚ ਡੱਬ ਕੀਤਾ ਸੀ। ਇਹ ਗੱਲ ਮੈਂ ਪ੍ਰੀਤ ਹੁੰਦਲ ਨੂੰ ਦੱਸੀ ਤੇ ਉਨ੍ਹਾਂ ਦੀ ਟੀਮ ਨੇ ਰਾਤੋਂ-ਰਾਤ ਇਸ ਗੀਤ ਦੀ ਆਡੀਓ ਤਿਆਰ ਕਰ ਕੇ ਯੂਟਿਊਬ ’ਤੇ ਅਪਲੋਡ ਕਰ ਦਿੱਤੀ। ਮੈਂ ਇਸ ਗੀਤ ਨਾਲ ਉਸੇ ਵੇਲੇ ਤੋਂ ਜੁੜ ਚੁੱਕਿਆ ਸੀ। ਜਦੋਂ ਗੀਤ ਦੀ ਵੀਡੀਓ ਦਾ ਪਲਾਨ ਹੋਇਆ ਤਾਂ ਮੈਨੂੰ ਇਹ ਗੀਤ ਡਾਇਰੈਕਟ ਕਰਨ ਦਾ ਮੌਕਾ ਮਿਲਿਆ।

ਯੂ. ਐੱਸ. ਜਾਣ ਤੋਂ ਬਾਅਦ ਕੰਮ ’ਚ ਕੋਈ ਰੁਕਾਵਟ ਆਈ?

 ਸ਼ੁਰੂਆਤੀ ਦਿਨਾਂ ’ਚ ਬਹੁਤ ਮੁਸ਼ਕਲ ਆਈ, ਕਿਉਂਕਿ ਯੂ. ਐੱਸ. ’ਚ ਪੰਜਾਬੀ ਆਰਟਿਸਟ ਬਹੁਤ ਘੱਟ ਹਨ ਤੇ ਜੋ ਸਫਰ ਕਰ ਕੇ ਯੂ. ਐੱਸ. ਜਾਂਦੇ ਹਨ, ਉਨ੍ਹਾਂ ਦੀ ਗਿਣਤੀ ਵੀ ਜ਼ਿਆਦਾ ਨਹੀਂ ਹੈ। ਯੂ. ਐੱਸ. ਦੇ ਨਾਲ ਮੈਂ ਕੈਨੇਡਾ ’ਚ ਸਫਰ ਕਰਨਾ ਸ਼ੁਰੂ ਕੀਤਾ। ਉਥੇ ਪੰਜਾਬੀ ਆਰਟਿਸਟ ਆਉਂਦੇ ਰਹਿੰਦੇ ਹਨ। ਮੈਂ ਇਕ-ਦੋ ਮਹੀਨਿਆਂ ਬਾਅਦ ਕੈਨੇਡਾ ਜਾਂਦਾ ਰਹਿੰਦਾ ਹਾਂ ਤੇ ਕੰਮ ਹੁਣ ਆਸਾਨੀ ਨਾਲ ਹੋ ਜਾਂਦਾ ਹੈ।

ਵਿਦੇਸ਼ਾਂ ’ਚ ਜ਼ਿਆਦਾ ਪੰਜਾਬੀ ਗੀਤ ਸ਼ੂਟ ਕਰਨ ਦਾ ਤੁਸੀਂ ਕੀ ਕਾਰਣ ਸਮਝਦੇ ਹੋ?

 ਮੈਨੂੰ ਲੱਗਦਾ ਹੈ ਕਿ ਇਸ ਦਾ ਮੁੱਖ ਕਾਰਣ ਲੋਕੇਸ਼ਨਜ਼ ਹਨ। ਵਿਦੇਸ਼ਾਂ ’ਚ ਆਊਟਡੋਰ ਦੇ ਨਾਲ-ਨਾਲ ਇਨਡੋਰ ਲੋਕੇਸ਼ਨਜ਼ ਕਾਫੀ ਜ਼ਿਆਦਾ ਹਨ। ਪਹਿਲਾਂ ਦੇ ਪੰਜਾਬੀ ਗੀਤਾਂ ਦੀ ਗੱਲ ਕਰੀਏ ਤਾਂ ਲੋਕ ਇਕੋ ਲੋਕੇਸ਼ਨ ਵਾਰ-ਵਾਰ ਦੇਖ ਕੇ ਅੱਕ ਜਾਂਦੇ ਹਨ। ਉਨ੍ਹਾਂ ਨੂੰ ਹਮੇਸ਼ਾ ਕੁਝ ਨਵਾਂ ਦੇਖਣ ਦੀ ਚਾਹ ਰਹਿੰਦੀ ਹੈ। ਇਹੀ ਕਾਰਣ ਹੈ ਕਿ ਵਿਦੇਸ਼ਾਂ 'ਚ ਲੋਕੇਸ਼ਨਜ਼ ਦੀ ਭਰਮਾਰ ਹੋਣ ਕਾਰਣ ਵੀਡੀਓਜ਼ ਜ਼ਿਆਦਾ ਸ਼ੂਟ ਹੁੰਦੀਆਂ ਹਨ। ਇਕ ਕਾਰਣ ਇਹ ਵੀ ਹੈ ਕਿ ਪੰਜਾਬ ਦੀ ਤਰ੍ਹਾਂ ਬਾਹਰ ਸ਼ੂਟ ਕਰਦੇ ਸਮੇਂ ਕਰਿਊ ਕਾਫੀ ਘੱਟ ਹੁੰਦਾ ਹੈ ਤੇ ਜਿੰਨਾ ਕਰਿਊ ਘੱਟ ਹੁੰਦਾ ਹੈ, ਓਨੀ ਟੈਂਸ਼ਨ ਵੀ ਘਟਦੀ ਹੈ।

ਕੀ ਵੀਡੀਓ ਡਾਇਰੈਕਟਰ ਓਨੀ ਕਮਾਈ ਕਰ ਰਹੇ ਹਨ, ਜਿੰਨੀ ਇਕ ਫੀਚਰ ਫਿਲਮ ਦਾ ਡਾਇਰੈਕਟਰ ਕਰਦਾ ਹੈ?

ਅੱਜ ਦੇ ਸਮੇਂ 'ਚ ਵੀਡੀਓ ਡਾਇਰੈਕਟਰ ਵਧੀਆ ਬਿਜ਼ਨੈੱਸ ਕਰ ਰਹੇ ਹਨ। ਕਮਾਈ ਇਸ ਗੱਲ 'ਤੇ ਵੀ ਨਿਰਭਰ ਕਰਦੀ ਹੈ ਕਿ ਆਰਟਿਸਟ ਦਾ ਕੰਮ ਕਿੰਨਾ ਵਧੀਆ ਹੈ। ਹਰ ਵੀਡੀਓ ਡਾਇਰੈਕਟਰ ਦੀ ਫੀਸ ਵੱਖਰੀ ਹੈ। ਫਿਲਮ ਡਾਇਰੈਕਟਰਾਂ ਬਾਰੇ ਮੈਨੂੰ ਜ਼ਿਆਦਾ ਪਤਾ ਨਹੀਂ ਕਿ ਉਹ ਕਿੰਨੀ ਕਮਾਈ ਕਰਦੇ ਹਨ।

'ਸੇਮ ਬੀਫ' ਗੀਤ ਕਿਵੇਂ ਬਣਿਆ? ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਨਾਲ ਮੇਲ ਕਿਵੇਂ ਹੋਇਆ?

‘ਸੇਮ ਬੀਫ’ ਗੀਤ ਮੈਨੂੰ ਸਾਗਾ ਮਿਊਜ਼ਿਕ ਰਾਹੀਂ ਆਫਰ ਹੋਇਆ ਸੀ। ਉਨ੍ਹਾਂ ਦੀ ਬਦੌਲਤ ਹੀ ਸਾਰਾ ਪ੍ਰਾਜੈਕਟ ਤਿਆਰ ਹੋਇਆ। ਅਸੀਂ ਇਸ ਗੀਤ ਨੂੰ ਹਾਲੀਵੁੱਡ 'ਚ ਸ਼ੂਟ ਕੀਤਾ ਹੈ। ਗੀਤ ਬਣਾਉਣ 'ਚ ਸਾਨੂੰ 1 ਮਹੀਨੇ ਦਾ ਸਮਾਂ ਲੱਗਾ। ਬੋਹੇਮੀਆ, ਸਿੱਧੂ ਮੂਸੇ ਵਾਲਾ ਤੇ ਗੀਤਾ ਬੈਂਸ ਤੋਂ ਇਲਾਵਾ ਹਰ ਸ਼ਖਸ ਇਸ ਗੀਤ ਨੂੰ ਗਰੈਂਡ ਬਣਾਉਣਾ ਚਾਹੁੰਦਾ ਸੀ। ਅਸੀਂ ਇਸ ਗੀਤ ਨੂੰ ਫਨੀ ਬਣਾਉਣ ਦਾ ਪਲਾਨ ਕੀਤਾ ਸੀ। ਗੀਤ ਲਗਭਗ 6 ਮਿੰਟ ਦਾ ਬਣਿਆ ਸੀ, ਜਿਸ ਨੂੰ ਕੱਟ ਕੇ 4.30 ਮਿੰਟ ਦਾ ਬਣਾਇਆ ਗਿਆ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਡਾਇਰੈਕਟਰ ਕੱਟ ਦੇ ਨਾਂ ਨਾਲ ‘ਸੇਮ ਬੀਫ’ ਦੀ ਫੁਟੇਜ ਨੂੰ ਰਿਲੀਜ਼ ਕੀਤਾ ਜਾਵੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News