ਸਤੀਸ਼ ਕੌਲ ਦੀ ਸਿਹਤ 'ਚ ਸੁਧਾਰ, ਮੁੜ ਫਿਲਮਾਂ 'ਚ ਕੰਮ ਕਰਨ ਦੀ ਜਤਾਈ ਇੱਛਾ (ਵੀਡੀਓ)

5/23/2020 11:58:32 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ 'ਚ ਅਮਿਤਾਭ ਬੱਚਨ ਅਖਵਾਉਣ ਵਾਲੇ ਸਤੀਸ਼ ਕੌਲ ਪਿਛਲੇ ਕਈ ਸਾਲਾਂ ਤੋਂ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ। ਹਾਲਾਂਕਿ ਹੁਣ ਉਨ੍ਹਾਂ ਦੀ ਸਿਹਤ 'ਚ ਕਾਫੀ ਸੁਧਾਰ ਹੈ ਪਰ ਦਵਾਈਆਂ ਹਾਲੇ ਵੀ ਚੱਲ ਰਹੀਆਂ ਹਨ। ਸਤੀਸ਼ ਕੌਲ ਨੇ ਗੱਲਬਾਤ ਕਰਦਿਆਂ ਕਿਹਾ, ''ਸਤੀਸ਼ ਕੌਲ ਨੇ ਕਿਹਾ, ਪਤਾ ਨਹੀਂ ਉਹ ਲੋਕ ਕਿੱਥੇ ਚਲੇ ਗਏ, ਜਿਹੜੇ ਹਰੇਕ ਦੀ ਮਦਦ ਕਰਦੇ ਸਨ। ਅੱਜ ਕੱਲ ਦੇ ਲੋਕਾਂ 'ਚ ਉਹ ਜਜ਼ਬਾ ਨਹੀਂ ਰਿਹਾ ਹੈ, ਉਹ ਸਿਰਫ ਇਕ-ਦੂਜੇ ਨਾਲ ਨਫਰਤ ਹੀ ਕਰਦੇ ਹਨ। ਜੇ ਮੈਨੂੰ ਅੱਜ ਵੀ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਯਕੀਨਨ ਕੰਮ ਕਰਨਾ ਚਾਹਾਂਗਾ। ਮੇਰੇ ਅੰਦਰ ਅਦਾਕਾਰੀ ਦੀ ਅੱਗ ਹਾਲੇ ਵੀ ਜ਼ਿੰਦਾ ਹੈ। ਮੈਂ ਪੂਰੇ ਜਜ਼ਬੇ ਨਾਲ ਅਦਾਕਾਰੀ ਕਰਾਂਗਾ।'' ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, ''ਅਜਿਹਾ ਨਹੀਂ ਹੈ ਕਿ ਸਭ ਕੁਝ ਗੁਆਉਣ ਅਤੇ ਬੀਮਾਰ ਹੋਣ ਤੋਂ ਬਾਅਦ ਮੈਨੂੰ ਲੋਕਾਂ ਦੀ ਮਦਦ ਨਹੀਂ ਮਿਲੀ। ਕੁਝ ਸਾਲ ਪਹਿਲਾਂ ਮੈਨੂੰ ਸਰਕਾਰੀ ਸਹਾਇਤਾ ਵਜੋਂ 5 ਲੱਖ ਰੁਪਏ ਮਿਲੇ ਸਨ ਪਰ ਹੌਲੀ-ਹੌਲੀ ਸਾਰਾ ਪੈਸਾ ਇਲਾਜ ਅਤੇ ਦਵਾਈਆਂ 'ਚ ਖਰਚ ਹੋ ਗਿਆ। ਲਾਕਡਾਊਨ ਹੋਣ ਕਾਰਨ ਮੇਰੀਆਂ ਮੁਸ਼ਕਿਲਾਂ ਹੋਰ ਵੀ ਵੱਧ ਗਈਆਂ। ਮੈਨੂੰ ਮਕਾਨ ਦੇ ਕਿਰਾਏ, ਦਵਾਈਆਂ ਅਤੇ ਰਾਸ਼ਨ-ਪਾਣੀ ਲਈ ਪੈਸੇ ਦੀ ਸਖਤ ਜ਼ਰੂਰਤ ਹੈ। ਹੌਲੀ-ਹੌਲੀ ਘੱਟ ਰਹੇ ਕੰਮ ਅਤੇ ਪੈਸਿਆਂ ਕਾਰਨ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ। ਇੱਕ ਦਿਨ ਮੈਂ ਬਹੁਤ ਪਰੇਸ਼ਾਨ ਹੋ ਕਿ ਮਹਾਭਾਰਤ ਦੇ ਨਿਰਮਾਤਾ ਅਤੇ ਨਿਰਦੇਸ਼ਕ ਬੀਆਰ ਚੋਪੜਾ ਦੇ ਦਫਤਰ ਗਿਆ ਅਤੇ ਉਸ ਨੂੰ ਬੜੀ ਉੱਚੀ ਆਵਾਜ਼ 'ਚ ਕਿਹਾ, ਜੇ ਤੁਸੀਂ ਮੈਨੂੰ ਪੰਜਾਬੀ ਹੋ ਕੇ ਵੀ ਮੈਨੂੰ ਕੰਮ ਨਹੀਂ ਦਿੰਦੇ ਤਾਂ ਕੌਣ ਦੇਵੇਗਾ? ਇਸ ਤੋਂ ਬਾਅਦ ਬੀਆਰ ਚੋਪੜਾ ਨੇ ਤੁਰੰਤ ਹੀ ਦੇਵਰਾਜ ਇੰਦਰ ਦੀ ਭੂਮਿਕਾ ਲਈ ਮੈਨੂੰ 5,000 ਰੁਪਏ ਦੀ ਪੇਸ਼ਕਸ਼ ਕੀਤਾ ਅਤੇ ਮੈਨੂੰ ਦੋ ਦਿਨ ਬਾਅਦ ਫਿਲਮ ਸਿਟੀ ਦੇ ਕ੍ਰਾਂਤੀ ਮੈਦਾਨ 'ਚ ਸੈੱਟ ਤੇ ਸ਼ੂਟਿੰਗ ਲਈ ਆਉਣ ਲਈ ਕਿਹਾ।''

ਦੱਸ ਦਈਏ ਕਿ 300 ਹਿੰਦੀ ਅਤੇ ਕਈ ਪੰਜਾਬੀ ਫਿਲਮਾਂ 'ਚ ਕੰਮ ਕਰਨ ਵਾਲੇ 74 ਸਾਲਾ ਸਤੀਸ਼ ਕੌਲ ਦੀ ਜ਼ਿੰਦਗੀ ਬੀਮਾਰੀ ਅਤੇ ਫਕੀਰੀ 'ਚੋਂ ਲੰਘ ਰਹੀ ਹੈ। ਸਤੀਸ਼ ਕੌਲ ਲੁਧਿਆਣਾ ਦੇ ਇੱਕ ਛੋਟੇ ਜਿਹੇ ਘਰ 'ਚ ਰਹਿਣ ਲਈ ਮਜ਼ਬੂਰ ਹਨ। ਉਨ੍ਹਾਂ ਨੂੰ ਹਰ ਮਹੀਨੇ 7500 ਰੁਪਏ ਕਿਰਾਏ ਲਈ ਦੇਣੇ ਪੈ ਰਹੇ ਹਨ। ਪਹਿਲੇ ਪਟਿਆਲਾ 'ਚ ਡਿੱਗਣ ਕਾਰਨ ਉਨ੍ਹਾਂ ਦੇ ਚੂਲੇ ਦੀ ਹੱਡੀ ਟੁੱਟ ਗਈ ਸੀ, ਜਿਸ ਨਾਲ ਪੀੜਤ ਹੋਣ ਦੇ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਢਾਈ ਸਾਲ ਹਸਪਤਾਲ 'ਚ ਰਹਿਣ ਤੋਂ ਬਾਅਦ ਸਤੀਸ਼ ਕੌਲ ਇੱਕ ਆਸ਼ਰਮ 'ਚ ਵੀ ਰਹੇ ਸਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News