ਲਾਕਡਾਊਨ ਦੌਰਾਨ ਆਰਥਿਕ ਤੰਗੀ ਨਾਲ ਜੂਝ ਰਿਹਾ ਇਹ ਅਭਿਨੇਤਾ, ਮੰਗੀ ਮਦਦ
5/22/2020 12:33:02 PM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲਾਕਡਾਊਨ ਨੇ ਚੰਗੇ ਤੋਂ ਚੰਗੇ ਵਿਅਕਤੀ ਦੀ ਹਾਲਤ ਖਸਤਾ ਕਰ ਦਿੱਤੀ ਹੈ। ਕੋਰੋਨਾ ਵਾਇਰਸ ਅਤੇ ਲਾਕਡਾਊਨ ਕਾਰਨ ਕੰਮ ਠੱਪ ਪੈ ਗਏ ਹਨ ਅਤੇ ਕਈ ਸਿਤਾਰਿਆਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਅਜਿਹੀ ਹੀ ਹਾਲਤ ਵਿਚ ਫਸ ਗਏ ਹਨ ਅਮਿਤਾਭ ਬੱਚਨ ਤੇ ਦਿਲੀਪ ਕੁਮਾਰ ਨਾਲ ਕੰਮ ਕਰ ਚੁਕੇ ਮਸ਼ਹੂਰ ਐਕਟਰ ਸਤੀਸ਼ ਕੌਲ ਦੀ। 300 ਤੋਂ ਜ਼ਿਆਦਾ ਪੰਜਾਬੀ ਅਤੇ ਹਿੰਦੀ ਫਿਲਮਾਂ ਵਿਚ ਕੰਮ ਕਰ ਚੁੱਕੇ ਸਤੀਸ਼ ਕੌਲ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਗੱਲਬਾਤ ਦੌਰਾਨ ਐਕਟਰ ਨੇ ਦੱਸਿਆ, ‘‘ਮੈਂ ਲੁਧਿਆਣਾ ਵਿਚ ਇਕ ਛੋਟੇ ਜਿਹੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹਾਂ। ਮੈਂ ਇਸ ਤੋਂ ਪਹਿਲਾਂ ਇਕ ਬਜ਼ੁਰਗ ਆਸ਼ਰਮ ਵਿਚ ਰਹਿ ਰਿਹਾ ਸੀ। ਮੇਰੀ ਸਿਹਤ ਠੀਕ ਹੈ ਪਰ ਲਾਕਡਾਊਨ ਦੇ ਚਲਦੇ ਹਾਲਾਤ ਖਰਾਬ ਹੋ ਗਏ ਹਨ।’’
ਐਕਟਰ ਨੇ ਕਿਹਾ,‘‘ਲਾਕਡਾਊਨ ਦੇ ਚਲਦੇ ਮੇਰੀਆਂ ਮੁਸ਼ਕਲਾਂ ਕਈ ਗੁਣਾ ਵੱਧ ਗਈਆਂ ਹਨ। ਮੈਨੂੰ ਘਰ ਦੇ ਕਿਰਾਏ, ਦਵਾਈਆਂ ਤੇ ਰਾਸ਼ਨ ਲਈ ਪੈਸਿਆਂ ਦੀ ਸਖ਼ਤ ਜ਼ਰੂਰਤ ਹੈ। ਉਮੀਦ ਹੈ ਕਿ ਲੋਕ ਮੇਰੀ ਮਦਦ ਲਈ ਅੱਗੇ ਆਉਣਗੇ। ਇਕ ਛੋਟੇ ਜਿਹੇ ਮਕਾਨ ਵਿਚ ਰਹਿਣ ਲਈ ਮਜ਼ਬੂਰ ਸਤੀਸ਼ ਕੌਲ ਨੂੰ ਹਰ ਮਹੀਨੇ ਕਿਰਾਏ ਦੇ 7500 ਰੁਪਏ ਦੇਣ ਵਿਚ ਵੀ ਸਮਰੱਥ ਨਹੀਂ ਹਨ। ਸਤੀਸ਼ ਕੌਲ ਨੇ ਲੋਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ,‘‘ਮੈਨੂੰ ਇਕ ਐਕਟਰ ਦੇ ਤੌਰ ’ਤੇ ਇੰਨਾ ਪਿਆਰ ਮਿਲਿਆ ਹੈ। ਹੁਣ ਇਕ ਇਨਸਾਨ ਦੇ ਤੌਰ ’ਤੇ ਮੈਨੂੰ ਮਦਦ ਦੀ ਜ਼ਰੂਰਤ ਹੈ।’’
ਦੱਸ ਦੇਈਏ ਕਿ ਪਿਛਲੇ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੀਸ਼ ਕੌਲ ਦੀ ਸਾਰ ਲਈ ਸੀ, ਜਿਸ ਦੌਰਾਨ ਉਨ੍ਹਾਂ ਨੇ ਸਤੀਸ਼ ਕੌਲ ਨੂੰ 5 ਲੱਖ ਰੁਪਏ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਜੈਕੀ ਸ਼ਰਾਫ ਤੇ ਪ੍ਰੀਤੀ ਸਪਰੂ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ, ਜਿਸ ਦਾ ਖੁਲਾਸਾ ਉਨ੍ਹਾਂ ਨੇ ਇਸ ਇੰਟਰਵਿਊ ਦੌਰਾਨ ਕੀਤਾ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ