ਸ਼੍ਰੋਮਣੀ ਕਮੇਟੀ ਨੇ ਆਮਿਰ ਖਾਨ ਨੂੰ ਸਰਦਾਰ ਨਲਵਾ ਦੇ ਇਤਿਹਾਸ ਨਾਲ ਸਬੰਧਤ ਕਿਤਾਬਾਂ ਸੌਂਪੀਆਂ

1/28/2020 9:58:46 AM

ਅੰਮ੍ਰਿਤਸਰ (ਦੀਪਕ) - ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਬਾਰੇ ਪ੍ਰਸਿੱਧ ਅਦਾਕਾਰ ਆਮਿਰ ਖਾਨ ਨੂੰ ਫਿਲਮ ਬਣਾਉਣ ਦੇ ਦਿੱਤੇ ਗਏ ਸੁਝਾਅ ਤੋਂ ਬਾਅਦ ਹੁਣ ਇਕ ਕਦਮ ਹੋਰ ਅੱਗੇ ਵਧਾਉਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਉਸ (ਆਮਿਰ ਖਾਨ) ਨੂੰ ਸਰਦਾਰ ਨਲਵਾ ਦੇ ਇਤਿਹਾਸ ਨਾਲ ਸਬੰਧਤ ਕਿਤਾਬਾਂ ਸੌਂਪੀਆਂ ਹਨ। ਡਾ. ਰੂਪ ਸਿੰਘ ਜੋ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਮੁੰਬਈ ਨਾਲ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਹਸਪਤਾਲ ਸ੍ਰੀ ਅੰਮ੍ਰਿਤਸਰ ਦੇ ਇਕ ਸਮਝੌਤੇ ਸਬੰਧੀ ਮੁੰਬਈ ਗਏ ਸਨ, ਨੇ ਆਮਿਰ ਖਾਨ ਨਾਲ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਾ. ਏ. ਪੀ. ਸਿੰਘ, ਡਾ. ਬਲਜੀਤ ਸਿੰਘ ਖੁਰਾਣਾ ਅਤੇ ਡਾ. ਜਸਕਰਨ ਸਿੰਘ ਵੀ ਮੌਜੂਦ ਸਨ।
ਦੱਸਣਯੋਗ ਹੈ ਕਿ ਬੀਤੀ 30 ਨਵੰਬਰ ਨੂੰ ਆਮਿਰ ਖਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਿੱਖ ਯੋਧੇ ਸਰਦਾਰ ਹਰੀ ਸਿੰਘ ਨਲਵਾ ਸਬੰਧੀ ਇਤਿਹਾਸਕ ਫਿਲਮ ਬਣਾਉਣ ਦਾ ਸੁਝਾਅ ਦਿੱਤਾ ਸੀ, ਜਿਸ 'ਤੇ ਆਮਿਰ ਖਾਨ ਨੇ ਉਨ੍ਹਾਂ ਨੂੰ ਇਸ ਇਤਿਹਾਸ ਬਾਰੇ ਅੰਗਰੇਜ਼ੀ ਪੁਸਤਕਾਂ ਮੁਹੱਈਆ ਕਰਵਾਉਣ ਬਾਰੇ ਕਿਹਾ ਸੀ।

ਦੱਸ ਦਈਏ ਕਿ ਆਮਿਰ ਖਾਨ ਇਨ੍ਹੀਂ ਦਿਨੀਂ ਸਿੱਖ ਕਿਰਦਾਰ ਨਾਲ ਸਬੰਧਤ ਫਿਲਮ 'ਲਾਲ ਸਿੰਘ ਚੱਢਾ' ਬਣਾ ਰਹੇ ਹਨ। ਡਾ. ਰੂਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮੁੰਬਈ ਵਿਖੇ ਆਮਿਰ ਖਾਨ ਨੂੰ ਮਿਲ ਕੇ ਸਰਦਾਰ ਨਲਵਾ ਬਾਰੇ ਉਨ੍ਹਾਂ ਨੂੰ ਇਤਿਹਾਸਕ ਪੁਸਤਕਾਂ ਦਿੱਤੀਆਂ ਹਨ। ਆਮਿਰ ਖਾਨ ਨੂੰ ਦਿੱਤੀਆਂ ਗਈਆਂ ਕਿਤਾਬਾਂ ਵਿਚ ਸ. ਅਉਤਾਰ ਸਿੰਘ ਸੰਧੂ ਦੀ ਲਿਖੀ ਪੁਸਤਕ 'ਹਰੀ ਸਿੰਘ ਨਲਵਾ' ਅਤੇ ਸਰਦਾਰ ਨਲਵਾ ਦੇ ਵੰਸ਼ ਵਿਚੋਂ ਵਨੀਤ ਨਲਵਾ ਦੀ ਲਿਖੀ 'ਚੈਂਪੀਅਨ ਆਫ ਦਾ ਖਾਲਸਾ ਜੀ' ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਪੁਸਤਕਾਂ ਬਹੁਤ ਮਹੱਤਵਪੂਰਨ ਹਨ, ਜਿਸ ਨੂੰ ਪ੍ਰਾਪਤ ਕਰਦਿਆਂ ਆਮਿਰ ਖਾਨ ਨੇ ਕਿਹਾ ਕਿ ਉਹ ਇਨ੍ਹਾਂ ਨੂੰ ਪੜ੍ਹਨਗੇ। ਡਾ. ਰੂਪ ਸਿੰਘ ਨੇ ਦੱਸਿਆ ਕਿ ਆਮਿਰ ਖਾਨ ਦੇ ਕਹਿਣ ਅਨੁਸਾਰ ਉਹ ਸਿੱਖ ਸੱਭਿਆਚਾਰ ਤੋਂ ਬੇਹੱਦ ਪ੍ਰਭਾਵਿਤ ਹਨ ਅਤੇ ਸਿੱਖ ਕਿਰਦਾਰ ਨਿਭਾਉਂਦਿਆਂ ਉਨ੍ਹਾਂ ਨੂੰ ਮਾਣਮੱਤਾ ਅਨੁਭਵ ਹੋਇਆ ਹੈ। ਉਹ ਚਾਹੁੰਦੇ ਹਨ ਕਿ ਸਿੱਖ ਜਰਨੈਲ ਦੇ ਜੀਵਨ ਤੋਂ ਭਵਿੱਖ ਦੀ ਪੀੜ੍ਹੀ ਨੂੰ ਜਾਣਕਾਰੀ ਮਿਲ ਸਕੇ। ਇਸੇ ਕਰਕੇ ਹੀ ਉਨ੍ਹਾਂ ਨੇ ਆਮਿਰ ਖਾਨ ਨੂੰ ਇਸ ਇਤਿਹਾਸ ਬਾਰੇ ਫਿਲਮ ਬਣਾਉਣ ਲਈ ਸੁਝਾਅ ਦਿੱਤਾ ਹੈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News