ਪੰਜ ਤੱਤਾਂ 'ਚ ਵਿਲੀਨ ਹੋਏ ਸੂਫੀ ਗਾਇਕ ਵਿੱਕੀ ਬਾਦਸ਼ਾਹ (ਵੀਡੀਓ)

12/9/2019 4:11:07 PM

ਲੁਧਿਆਣਾ (ਨਰਿੰਦਰ ਮਹੇਂਦਰੂ) : ਲੁਧਿਆਣਾ ਦੇ ਰਹਿਣ ਵਾਲੇ ਪੰਜਾਬੀ ਪ੍ਰਸਿੱਧ ਸੂਫੀ ਗਾਇਕ ਵਿੱਕੀ ਬਾਦਸ਼ਾਹ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਅੱਜ ਲੁਧਿਆਣਾ 'ਚ ਵਿੱਕੀ ਬਾਦਸ਼ਾਹ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿਸ 'ਚ ਹਜ਼ਾਰਾਂ ਦੀ ਤਾਦਾਦ 'ਚ ਸੰਗੀਤ ਪ੍ਰੇਮੀਆਂ ਨੇ ਵਿੱਕੀ ਨੂੰ ਆਖਰੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪਰਿਵਾਰ ਨੇ ਕਿਹਾ, ''ਕਲਾ ਜਗਤ ਨੂੰ ਇਹ ਵੱਡਾ ਘਾਟਾ ਹੈ, ਕਿਉਂਕਿ ਉਹ ਇੱਕ ਚੰਗਾ ਸੂਫੀ ਗਾਇਕ ਸੀ।''

ਦੱਸ ਦਈਏ ਕਿ ਵਿੱਕੀ ਬਾਦਸ਼ਾਹ ਦੇ ਦਿਹਾਂਤ ਦੀ ਖਬਰ ਸੁਣਦਿਆਂ ਹੀ ਸੰਗੀਤ ਜਗਤ 'ਚ ਸੋਗ ਦੀ ਲਹਿਰ ਛਾ ਗਈ। ਪੰਜਾਬੀ ਗਾਇਕ ਮਾਸਟਰ ਸਲੀਮ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘਾ ਦੁੱਖ ਜਤਾਇਆ ਅਤੇ ਉਨ੍ਹਾਂ ਦੀ ਮੌਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਥੇ ਹੀ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਕਰਮਜੀਤ ਅਨਮੋਲ ਨੇ ਵੀ ਵਿੱਕੀ ਬਾਦਸ਼ਾਹ ਦੀ ਮੌਤ 'ਤੇ ਡੂੰਘਾ ਦੁੱਖ ਜ਼ਾਹਿਰ ਕੀਤਾ।


ਦੱਸਣਯੋਗ ਹੈ ਕਿ ਵਿੱਕੀ ਬਾਦਸ਼ਾਹ ਦੇ ਦੋਸਤ ਨੇ ਦੱਸਿਆ ਕਿ ਉਸ ਦੇ ਜਾਣ ਨਾਲ ਸਰੋਤਿਆਂ ਨੂੰ ਵੀ ਕਾਫੀ ਘਾਟਾ ਹੋਇਆ ਹੈ। ਇਸ ਮੌਕੇ ਵਿੱਕੀ ਦੇ ਭਰਾ ਨੇ ਦੱਸਿਆ ਕਿ ਕੱਲ ਸਵੇਰੇ ਉਸ ਦੀ ਅਚਾਨਕ ਤਬੀਅਤ ਖਰਾਬ ਹੋਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉੱਥੇ ਉਸ ਦਾ ਇਲਾਜ ਸ਼ੁਰੂ ਕੀਤਾ ਪਰ ਉਸ ਨੇ ਉੱਥੇ ਦਮ ਤੋੜ ਦਿੱਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News