ਸੰਨੀ ਦਿਓਲ ਫਿਲਮੀ ਫੌਜੀ, ਜਦਕਿ ਮੈਂ ਅਸਲੀ ਫੌਜੀ : ਅਮਰਿੰਦਰ

4/27/2019 9:11:37 AM

ਜਲੰਧਰ/ਗੁਰਦਾਸਪੁਰ (ਧਵਨ) - ਮੁੱਖ ਮੰਤਰੀ ਨੇ ਫਿਲਮ ਅਭਿਨੇਤਾ ਸੰਨੀ ਦਿਓਲ ਦੇ ਗੁਰਦਾਸਪੁਰ 'ਚ ਚੋਣ ਮੈਦਾਨ 'ਚ ਉਤਰਨ ਨਾਲ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਸੇ ਵੀ ਤਰ੍ਹਾਂ ਦੇ ਖਤਰੇ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਕਿਹਾ ਕਿ ਸੰਨੀ ਦਿਓਲ ਤਾਂ ਚੋਣਾਂ ਖਤਮ ਹੁੰਦੇ ਹੀ ਮੁੜ ਮੁੰਬਈ ਦੌੜ ਜਾਏਗਾ। ਮੁੱਖ ਮੰਤਰੀ ਨੇ ਕਿਹਾ ਕਿ ਸੰਨੀ ਦਿਓਲ ਤਾਂ ਇਕ ਫਿਲਮੀ ਫੌਜੀ ਹੈ ਜਦਕਿ ਉਹ (ਕੈਪਟਨ) ਅਸਲ 'ਚ ਫੌਜੀ ਹਨ, ਜਿਨ੍ਹਾਂ ਨੇ ਫੌਜ 'ਚ ਕੰਮ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਫਿਲਮੀ ਫੌਜੀ ਦਾ ਕੋਈ ਜਨ ਆਧਾਰ ਨਹੀਂ ਹੁੰਦਾ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਹਰਾ ਕੇ ਭੇਜਾਂਗੇ। ਉਨ੍ਹਾਂ ਕਿਹਾ ਕਿ ਭਾਵੇਂ ਸੰਨੀ ਨੇ ਬਾਰਡਰ ਫਿਲਮ 'ਚ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਭੂਮਿਕਾ ਨਿਭਾਈ ਪਰ ਇਸ ਨਾਲ ਉਹ ਅਸਲੀ ਫੌਜੀ ਤਾਂ ਨਹੀਂ ਬਣ ਜਾਂਦਾ। ਉਹ ਸਿਰਫ ਇਕ ਅਭਿਨੈ ਸੀ। ਜਦੋਂ ਉਨ੍ਹਾਂ ਤੋਂ ਸੰਨੀ ਦਿਓਲ ਦੀ ਬਲੈਂਕ ਫਿਲਮ ਬਾਰੇ ਪੁੱਛਿਆ ਗਿਆ ਤਾਂ ਮੁੱਖ ਮੰਤਰੀ ਨੇ ਝੱਟ ਜਵਾਬ ਦਿੱਤਾ ਕਿ ਉਹ ਚੋਣਾਂ 'ਚ ਵੀ 'ਬਲੈਂਕ' ਹੀ ਰਹਿਣਗੇ।

ਫਿਲਮ ਹਸਤੀਆਂ ਸਿਰਫ ਨਿੱਜੀ ਸਵਾਰਥਾਂ ਲਈ ਸਿਆਸਤ 'ਚ ਆਉਂਦੀਆਂ ਹਨ। ਮੁੱਖ ਮੰਤਰੀ ਨੇ ਭਾਜਪਾ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਤੋਂ ਚੋਣ ਲੜਾਉਣ ਲਈ ਕੋਈ ਵੀ ਨੇਤਾ ਨਹੀਂ ਮਿਲਿਆ। ਇਸੇ ਲਈ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੋਵਾਂ ਸੀਟਾਂ 'ਤੇ ਪੰਜਾਬ ਤੋਂ ਬਾਹਰ ਦੇ ਉਮੀਦਵਾਰਾਂ ਨੂੰ ਉਤਾਰਿਆ ਗਿਆ ਹੈ ਪਰ ਉਹ ਇਨ੍ਹਾਂ ਦੋਵਾਂ ਸੀਟਾਂ 'ਤੇ ਭਾਜਪਾ ਨੂੰ ਹਾਰ ਦਿਵਾਉਣ ਲਈ ਲੱਕ ਕੱਸਣ ਜਾ ਰਹੇ ਹਨ। ਮੁੱਖ ਮੰਤਰੀ ਅੱਜ ਸੁਨੀਲ ਜਾਖੜ ਦਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਗੁਰਦਾਸਪੁਰ ਪਹੁੰਚੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੂੰ ਕਾਂਗਰਸ 'ਚ ਸ਼ਾਮਲ ਕਰਨ ਦੇ ਮੁੱਦੇ 'ਤੇ ਉਨ੍ਹਾਂ ਦੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨਾਲ ਕੋਈ ਮਤਭੇਦ ਨਹੀਂ। ਉਨ੍ਹਾਂ ਕਿਹਾ ਕਿ ਮਾਨਸ਼ਾਹੀਆ ਨੂੰ ਕਾਂਗਰਸ 'ਚ ਸ਼ਾਮਲ ਕਰਨ ਦੇ ਸਮੇਂ ਜਾਖੜ ਇਸ ਲਈ ਮੌਜੂਦ ਨਹੀਂ ਸਨ ਕਿਉਂਕਿ ਉਹ ਹੋਰ ਚੋਣ ਕੰਮਾਂ 'ਚ ਰੁੱਝੇ ਹੋਏ ਸਨ। ਸਾਰੇ ਨੇਤਾਵਾਂ ਦਾ ਇਕ ਜਗ੍ਹਾ ਇਕੱਠੇ ਹੋਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਨਸ਼ਾਹੀਆ ਨੂੰ ਕਾਂਗਰਸ 'ਚ ਸ਼ਾਮਲ ਕਰਨ ਦੇ ਮਾਮਲੇ 'ਚ ਸੁਨੀਲ ਜਾਖੜ ਨਾਲ ਚਰਚਾ ਕਰ ਲਈ ਗਈ ਸੀ। ਉਨ੍ਹਾਂ ਨੇ ਮਾਨਸ਼ਾਹੀਆਂ ਦੇ ਮਾਮਲੇ 'ਚ ਚੱਲ ਰਹੇ ਚਰਚਿਆਂ ਨੂੰ ਮੀਡੀਆ ਦੀ ਉਪਜ ਕਰਾਰ ਦਿੱਤਾ।

ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲਏ ਗਏ ਇੰਟਰਵਿਊ ਦੇ ਮਾਮਲੇ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਹੜੀ ਇੰਟਰਵਿਊ। ਉਨ੍ਹਾਂ ਨੇ ਤਾਂ ਕੋਈ ਇੰਟਰਵਿਊ ਦੇਖੀ ਹੀ ਨਹੀਂ ਕਿਉਂਕਿ ਉਹ ਖੁਦ ਚੋਣ ਪ੍ਰੋਗਰਾਮਾਂ 'ਚ ਰੁੱਝੇ ਹੋਏ ਹਨ।

ਕੈਪਟਨ ਨੇ ਫਿਰ ਕਿਹਾ - ਪਰਫਾਰਮੈਂਸ ਨਾ ਦੇਣ ਵਾਲੇ ਮੰਤਰੀ ਡ੍ਰਾਪ ਹੋਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦੁਹਰਾਇਆ ਹੈ ਕਿ ਲੋਕ ਸਭਾ ਚੋਣਾਂ 'ਚ ਪਰਫਾਰਮੈਂਸ ਨਾ ਦੇਣ ਵਾਲੇ ਮੰਤਰੀਆਂ ਨੂੰ ਕੈਬਨਿਟ 'ਚੋਂ ਡ੍ਰਾਪ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵਿਧਾਇਕਾਂ ਨੂੰ ਵੀ ਹਾਰ ਜਿੱਤ ਲਈ ਜ਼ਿੰਮੇਵਾਰ ਸਮਝਿਆ ਜਾਏਗਾ। ਉਨ੍ਹਾਂ ਕਿਹਾ ਕਿ ਜੋ ਵਿਧਾਇਕ ਕੰਮ ਨਹੀਂ ਕਰਨਗੇ, ਉਨ੍ਹਾਂ ਲਈ ਅਗਲੀਆਂ ਚੋਣਾਂ 'ਚ ਟਿਕਟ ਲੈਣੀ ਮੁਸ਼ਕਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਹੁਣ ਪਰਫਾਰਮੈਂਸ ਦੇ ਆਧਾਰ 'ਤੇ ਸਭ ਕੰਮ ਕਰਨ ਦਾ ਫੈਸਲਾ ਕੇਂਦਰੀ ਲੀਡਰਸ਼ਿਪ ਪੱਧਰ 'ਤੇ ਲਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News