Death Anniversary: ਲੋਕਾਂ ਦੇ ਦਿਲਾਂ ’ਚ ਅੱਜ ਵੀ ਜੀਉਂਦੇ ਹਨ ਬੁਲੰਦ ਆਵਾਜ਼ ਦੇ ਮਾਲਕ ਸੁਰਜੀਤ ਬਿੰਦਰਖੀਆ

11/17/2019 1:23:35 PM

ਜਲੰਧਰ(ਬਿਊਰੋ)- ਆਪਣੇ ਗੀਤਾਂ ਰਾਹੀਂ ਲੋਕ ਗਾਇਕ ਦਾ ਦਰਜਾ ਹਾਸਲ ਕਰਨ ਵਾਲੇ ਪੰਜਾਬ ਦੇ ਸਿਰਮੌਰ ਗਾਇਕਾਂ 'ਚੋਂ ਇਕ ਸੁਰਜੀਤ ਬਿੰਦਰਖੀਆ ਆਪਣੀ ਗਾਇਣ ਸ਼ੈਲੀ ਦੇ ਨਾਲ-ਨਾਲ ਆਪਣੀ ਲੰਬੀ ਹੇਕ ਲਈ ਵੀ ਮਸ਼ਹੂਰ ਸਨ। ਸੁਰਜੀਤ ਦਾ ਜਨਮ 15 ਅਪ੍ਰੈਲ, 1962 ਨੂੰ ਪੰਜਾਬ ਦੇ ਜ਼ਿਲਾ ਰੋਪੜ (ਰੂਪਨਗਰ) ਦੇ ਇਕ ਪਿੰਡ ਬਿੰਦਰਖ 'ਚ ਹੋਇਆ ਸੀ। ਸੁਰਜੀਤ ਬਿੰਦਰਖੀਆ ਨੇ ਆਪਣੇ ਸੰਗੀਤਕ ਸਫਰ 'ਚ ਲਗਭਗ 32 ਸੋਲੋ ਆਡੀਓ ਕੈਸੇਟਾਂ ਆਪਣੀ ਆਵਾਜ਼ 'ਚ ਪੰਜਾਬੀ ਸੰਗੀਤ ਦੀ ਝੋਲੀ ਪਾਈਆਂ। ਇਨ੍ਹਾਂ ਦੀ ਅਸਲੀ ਪਛਾਣ ਗੀਤ 'ਦੁਪੱਟਾ ਤੇਰਾ ਸੱਤ ਰੰਗ ਦਾ' ਤੋਂ ਹੋਈ, ਜੋ ਕਿ 1994 'ਚ ਬੀਬੀਸੀ ਦੇ 'ਟੌਪ 10' ਗੀਤਾਂ 'ਚ ਪਹੁੰਚਿਆ। ਇਸ ਗਾਣੇ ਤੋਂ ਬਾਅਦ 'ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ' ਗਾਣੇ ਨਾਲ ਸੁਰਜੀਤ ਦੀ ਪ੍ਰਸਿੱਧੀ ਪੰਜਾਬ ਤਾਂ ਕੀ ਪੂਰੇ ਸੰਸਾਰ 'ਚ ਫੈਲ ਗਈ। ਦੁਨੀਆ ਦੇ ਹਰ ਕੋਨੇ 'ਚ ਬੈਠੇ ਪੰਜਾਬੀ ਨੇ ਸੁਰਜੀਤ ਦੇ ਗੀਤਾਂ ਨੂੰ ਪਸੰਦ ਕੀਤਾ।

  ਸੁਰਜੀਤ ਬਿੰਦਰਖੀਆ ਦੇ ਹਿੱਟ ਗਾਣੇ 
ਸੁਰਜੀਤ ਬਿੰਦਰਖੀਆ ਦੇ 'ਦੁਪੱਟਾ ਤੇਰਾ ਸੱਤ ਰੰਗ ਦਾ', 'ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ', 'ਜੱਟ ਦੀ ਪਸੰਦ', 'ਕੀ ਦੁਖਦਾ ਭਰਜਾਈਏ', 'ਛਮਕ ਜਿਹੀ ਮੁਟਿਆਰ', 'ਮੁਖੜਾ ਦੇਖ ਕੇ', 'ਵੰਗ ਵਰਗੀ ਕੁੜੀ', 'ਤੇਰਾ ਵਿਕਦਾ ਜੈ ਕੁਰੇ ਪਾਣੀ', 'ਕੱਚੇ ਤੰਦਾਂ ਜਿਹੀਆਂ ਯਾਰੀਆਂ', 'ਢੋਲ ਵੱਜਦਾ', 'ਬਿੱਲੀਆਂ ਅੱਖੀਆਂ', 'ਫੁੱਲ ਕੱਢਦਾ ਫੁਲਕਾਰੀ', 'ਲੱਭ ਕਿਤੋ ਭਾਬੀਏ', 'ਚੀਰੇ ਵਾਲਿਆ ਗੱਭਰੂਆ', 'ਲੱਕ ਟੁਨੂ ਟੁਨੂ' ਆਦਿ ਅਜਿਹੇ ਬਹੁਤ ਸਾਰੇ ਗੀਤ ਹਨ, ਜਿਨ੍ਹਾਂ ਨੂੰ ਸੁਣ ਕੇ ਕਿਸੇ ਦੇ ਵੀ ਪੈਰ ਨੱਚੇ ਬਿਨਾਂ ਨਹੀਂ ਰਹਿ ਸਕਦੇ।

ਇਨ੍ਹਾਂ ਗੀਤਾਂ ਤੋਂ ਬਿਨਾਂ ਸੁਰਜੀਤ ਬਿੰਦਰਖੀਆ ਨੇ ਉਦਾਸ ਗੀਤਾਂ ਨੂੰ ਵੀ ਬਹੁਤ ਹੀ ਸੋਹਣੀ ਤਰ੍ਹਾਂ ਗਾਇਆ, ਜਿਨ੍ਹਾਂ 'ਚੋਂ 'ਜਿਵੇਂ ਤਿੜਕੇ ਘੜੇ ਦਾ ਪਾਣੀ, ਮੈਂ ਕੱਲ ਤੱਕ ਨਹੀਂ ਰਹਿਣਾ' ਇਨ੍ਹਾਂ ਦਾ ਆਖਰੀ ਉਦਾਸ ਗੀਤ ਸੀ, ਜਿਸ 'ਚ ਉਹ ਸ਼ਾਇਦ ਆਪਣੇ ਭਵਿੱਖ ਦਾ ਸੱਚ ਹੀ ਦੱਸ ਗਏ। ਅੱਜ ਭਾਵੇਂ ਕਿੰਨੇ ਵੀ ਨਵੇਂ ਗਾਇਕ ਆ ਜਾਣ, ਪੰਜਾਬੀ ਪੌਪ ਸੰਗੀਤ ਕਿਸੇ ਵੀ ਉਚਾਈ 'ਤੇ ਪਹੁੰਚ ਜਾਵੇ ਪਰ ਹਰ ਪੰਜਾਬੀ ਦੇ ਦਿਲ 'ਚ ਸੁਰਜੀਤ ਦੇ ਗੀਤਾਂ ਦੀ ਯਾਦ ਹਮੇਸ਼ਾ ਤਾਜ਼ਾ ਰਹੇਗੀ।

ਗੀਤਾਜ ਬਿੰਦਰਖੀਆ ਨੇ ਸ਼ੁਰੂ ਕੀਤਾ ਗਾਇਕੀ ਦਾ ਸਫ਼ਰ
ਹਰ ਵੇਲੇ ਖੁਸ਼ ਰਹਿਣ ਵਾਲਾ ਇਹ ਗਾਇਕ 17 ਨਵੰਬਰ, 2003 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੁਹਾਲੀ ਦੇ ਆਪਣੇ ਗ੍ਰਹਿ ਵਿਖੇ ਸਦਾ ਲਈ ਵਿਛੋੜਾ ਦੇ ਗਿਆ। ਭਾਵੇਂ ਪੰਜਾਬ ਨੇ ਇਸ ਮਹਾਨ ਗਾਇਕ ਨੂੰ ਗਵਾ ਲਿਆ ਪਰ ਅੱਜ ਵੀ ਉਨ੍ਹਾਂ ਨੂੰ ਗੀਤਾਂ ਰਾਹੀਂ ਹਰ ਥਾਂ ਯਾਦ ਕੀਤਾ ਜਾਂਦਾ ਹੈ। ਸੁਰਜੀਤ ਬਿੰਦਰਖੀਆ ਦੇ ਬੇਟੇ ਗੀਤਾਜ ਬਿੰਦਰਖੀਆ ਨੇ ਵੀ ਆਪਣਾ ਗਾਇਕੀ ਦਾ ਸਫ਼ਰ ਸ਼ੁਰੂ ਕਰ ਦਿੱਤਾ ਹੈ। ਉਹ ਵੀ ਸੁਰਜੀਤ ਦੀ ਤਰ੍ਹਾਂ ਬੁਲੰਦ ਆਵਾਜ਼ ਦੇ ਮਾਲਕ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲ ਕੇ ਹਰ ਪੰਜਾਬੀ ਦੇ ਦਿਲ 'ਤੇ ਰਾਜ ਕਰਨਗੇ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News