ਲੱਖੋਵਾਲ ਵੱਲੋਂ ਟੈਲੀ ਫਿਲਮ ਬਣਾਉਣ ਵਾਲੇ ਕਿਸਾਨਾਂ ''ਤੇ ਦਰਜ ਪਰਚੇ ਰੱਦ ਕਰਨ ਦੀ ਮੰਗ

11/19/2019 9:47:13 AM

ਸਮਰਾਲਾ (ਗਰਗ, ਗੁਰਪ੍ਰੀਤ) - ਜੇਕਰ ਪੰਜਾਬ ਸਰਕਾਰ ਨੇ ਖਸਖਸ ਦੀ ਖੇਤੀ ਸਬੰਧੀ ਟੈਲੀ ਫਿਲਮ ਬਣਾਉਣ ਵਾਲੇ ਨੌਜਵਾਨ ਕਿਸਾਨ ਭਗਵਾਨ ਸਿੰਘ ਭਾਨਾ ਅਤੇ ਪਰਾਲੀ ਨੂੰ ਅੱਗ ਲਾਉਣ ਵਾਲੇ ਸੈਂਕੜੇ ਕਿਸਾਨਾਂ 'ਤੇ ਦਰਜ ਕੀਤੇ ਪਰਚੇ ਰੱਦ ਨਾ ਕੀਤੇ ਤਾਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ 'ਚ ਜਥੇਬੰਦੀ ਦੇ ਹਜ਼ਾਰਾਂ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਸੂਬੇ ਦੀਆਂ ਸਾਰੀਆਂ ਸੜਕਾਂ ਇਕੋ ਦਿਨ ਹੀ ਜਾਮ ਕਰ ਦਿੱਤੀਆਂ ਜਾਣਗੀਆਂ। ਹਰੇਕ ਜ਼ਿਲੇ ਅੰਦਰ ਡਿਪਟੀ ਕਮਿਸ਼ਨਰਾਂ ਨੂੰ ਮੰਗ-ਪੱਤਰ ਸੌਂਪੇ ਜਾਣਗੇ ਕਿਉਂਕਿ ਲੋਕਤੰਤਰ ਅੰਦਰ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨ ਭਗਵਾਨ ਸਿੰਘ ਭਾਨਾ 'ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕਰ ਕੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਦੁਨੀਆ ਦੇ ਹੋਰਾਂ ਦੇਸ਼ਾਂ ਸਮੇਤ ਭਾਰਤ ਦੇ ਹੋਰ ਸੂਬਿਆਂ ਵਿਚ ਖਸਖਸ ਦੀ ਖੇਤੀ ਹੋ ਸਕਦੀ ਹੈ ਤਾਂ ਪੰਜਾਬ ਵਿਚ ਇਹ ਖੇਤੀ ਕਿਉਂ ਨਹੀਂ ਹੋ ਸਕਦੀ? ਪੰਜਾਬ ਦੇ ਕਿਸਾਨਾਂ ਨਾਲ ਕੀਤੀ ਜਾ ਰਹੀ ਇਸ ਵਿਤਕਰੇਬਾਜ਼ੀ ਦਾ ਪੂਰਾ ਡੱਟਵਾਂ ਵਿਰੋਧ ਕੀਤਾ ਜਾਵੇਗਾ।
ਪੰਜਾਬ ਵਿਚ ਜੇਕਰ ਖਸਖਸ ਦੀ ਖੇਤੀ ਕਰਨ ਦੀ ਖੁੱਲ੍ਹ ਦੇ ਦਿੱਤੀ ਜਾਵੇ ਤਾਂ ਜਿੱਥੇ ਪੰਜਾਬ ਦੇ ਨੌਜਵਾਨ ਸਿੰਥੈਟਿਕ ਨਸ਼ਿਆਂ ਦੀ ਮਾਰ ਤੋਂ ਬਚਣਗੇ, ਉਥੇ ਹੀ ਕਿਸਾਨਾਂ ਦੀ ਆਮਦਨ ਵਧਣ ਨਾਲ ਆਰਥਿਕ ਤੰਗੀ ਵੀ ਆਪ ਮੁਹਾਰੇ ਘਟ ਜਾਵੇਗੀ। ਲੱਖੋਵਾਲ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਵਾਲੇ ਕਿਸਾਨਾਂ 'ਤੇ ਵੀ ਦਰਜ ਪਰਚੇ ਸਰਕਾਰ ਨੂੰ ਹਰ ਹੀਲੇ ਰੱਦ ਕਰਨੇ ਹੀ ਪੈਣਗੇ, ਨਹੀਂ ਤਾਂ ਬੀ.ਕੇ.ਯੂ. ਲੱਖੋਵਾਲ ਇੱਕੋ ਦਿਨ 'ਚ ਪੂਰੇ ਪੰਜਾਬ ਦੀਆਂ ਸੜਕਾਂ ਜਾਮ ਕਰ ਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰ ਦੇਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਸ਼ਮਸ਼ੇਰ ਸਿੰਘ ਘੜੂੰਆਂ, ਰਾਮਕਰਨ ਸਿੰਘ ਰਾਮਾ, ਪਰਮਿੰਦਰ ਸਿੰਘ ਪਾਲਮਾਜਰਾ, ਮਹਿੰਦਰ ਸਿੰਘ ਵੜੈਚ, ਗੁਰਵਿੰਦਰ ਸਿੰਘ ਕੂੰਮਕਲਾਂ ਸਮੇਤ ਪੂਰੇ ਪੰਜਾਬ ਤੋਂ ਜਥੇਬੰਦੀ ਦੇ ਅਹੁਦੇਦਾਰ ਤੇ ਵਰਕਰ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News