ਖੂਬਸੂਰਤੀ ਦੀ ਪਰਿਭਾਸ਼ਾ ਨੂੰ ਬਦਲੇਗੀ ''ਬਾਲਾ''

11/6/2019 8:43:46 AM

ਆਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਵੱਡੇ ਪਰਦੇ 'ਤੇ ਉਤਾਰਨ ਦਾ ਰੁਝਾਨ ਬਾਲੀਵੁੱਡ 'ਚ ਜ਼ੋਰ ਫੜ ਰਿਹਾ ਹੈ। ਹੁਣ ਅਜਿਹੇ ਵਿਸ਼ੇ ਫਿਲਮਾਂ ਦਾ ਹਿੱਸਾ ਬਣਦੇ ਜਾ ਰਹੇ ਹਨ, ਜਿਨ੍ਹਾਂ 'ਚ ਲੋਕ ਖ਼ੁਦ ਦੀ ਕਹਾਣੀ ਦੇਖ ਪਾਉਂਦੇ ਹਨ। ਇਸ ਸ਼ੁੱਕਰਵਾਰ ਨੂੰ ਅਜਿਹੀ ਹੀ ਇਕ ਕਹਾਣੀ ਮੁੜ ਤੋਂ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ, ਜਿਹੜੀ ਸਮਾਜ ਦਾ ਆਈਨਾ ਬਣਨ ਦਾ ਕੰਮ ਕਰੇਗੀ। ਫਿਲਮ ਦਾ ਨਾਂ ਹੈ 'ਬਾਲਾ'। ਇਸ ਫਿਲਮ 'ਚ ਤਿੰਨ ਅਜਿਹੇ ਸਿਤਾਰੇ ਨਜ਼ਰ ਆਉਣਗੇ, ਜਿਹੜੇ ਹਮੇਸ਼ਾ ਤੋਂ ਹੀ ਆਪਣੇ 'ਆਊਟ ਆਫ ਦੀ ਬਾਕਸ' ਕਿਰਦਾਰਾਂ ਲਈ ਪਹਿਚਾਣੇ ਜਾਂਦੇ ਹਨ। ਇਨ੍ਹਾਂ 'ਚ ਸ਼ਾਮਲ ਹਨ ਆਯੁਸ਼ਮਾਨ ਖੁਰਾਨਾ, ਯਾਮੀ ਗੌਤਮ ਅਤੇ ਭੂਮੀ ਪੇਡਨੇਕਰ। ਇਸ ਫਿਲਮ ਨੂੰ ਨਿਰਦੇਸ਼ਤ ਕੀਤਾ ਹੈ ਅਮਰ ਕੌਸ਼ਿਕ ਨੇ। ਫਿਲਮ ਗੰਜੇਪਨ ਅਤੇ ਇਸ ਨਾਲ ਜੂਝ ਰਹੇ ਲੋਕਾਂ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਸ ਦੇ ਨਾਲ ਹੀ ਫਿਲਮ ਖ਼ੂਬਸੂਰਤੀ ਨੂੰ ਮੁੜ ਤੋਂ ਪਰਿਭਾਸ਼ਿਤ ਕਰਨ ਦਾ ਵੀ ਕੰਮ ਕਰਦੀ ਹੈ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪੁੱਜੇ ਆਯੁਸ਼ਮਾਨ, ਯਾਮੀ ਅਤੇ ਭੂਮੀ ਨੇ ਜਗ ਬਾਣੀ/ਨਵੋਦਿਆ ਟਾਈਮਜ਼/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਖ਼ਾਸ ਵਾਰਤਾਲਾਪ ਕੀਤੀ। ਪੇਸ਼ ਹਨ ਇਸ ਦੇ ਕੁਝ ਹਿੱਸੇ।

ਕਮੀਆਂ ਨੂੰ ਕਰਦੀ ਹਾਂ ਸੈਲੀਬ੍ਰੇਟ : ਭੂਮੀ
ਮੈਂ ਹਮੇਸ਼ਾ ਖ਼ੁਦ ਨੂੰ ਪਿਆਰ ਕੀਤਾ ਹੈ। ਮੈਨੂੰ ਰੀਅਲ ਲਾਈਫ 'ਚ ਕਿਸੇ ਵੀ ਚੀਜ਼ ਲਈ ਕੰਪਲੈਕਸ ਨਹੀਂ ਹੋਇਆ ਹੈ। ਮੈਂ ਜਿਵੇਂ ਹਾਂ ਉਸੇ ਤਰ੍ਹਾਂ ਹੀ ਮੈਂ ਖ਼ੁਦ ਨੂੰ ਪ੍ਰਵਾਨ ਕੀਤਾ ਹੈ ਅਤੇ ਇਹੀ ਵਜ੍ਹਾ ਹੈ ਿਕ ਖ਼ੁਦ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਹਮੇਸ਼ਾ ਹੀ ਇਹੋ ਕਿਹਾ ਹੈ ਕਿ ਮੈਂ ਅਜਿਹੀ ਹੀ ਹਾਂ ਅਤੇ ਸਮਾਜ ਦੇ ਹਿਸਾਬ ਨਾਲ ਮੇਰੇ ਅੰਦਰ ਜਿਹੜੀਆਂ ਕਮੀਆਂ ਹਨ, ਨੂੰ ਮੈਂ ਕੈਮਰੇ ਦੇ ਸਾਹਮਣੇ ਸੈਲੀਬ੍ਰੇਟ ਕਰਾਂਗੀ। ਜੇਕਰ ਉਹ ਕਮੀਆਂ ਮੇਰੇ ਕੰਪਲੈਕਸ ਹੁੰਦੇ ਤਾਂ ਮੈਂ ਅਜਿਹਾ ਨਹੀਂ ਕਰ ਸਕਦੀ ਸੀ।
 

ਆਲਸ ਦਾ ਗਿਆ ਜ਼ਮਾਨਾ
ਮੈਂ ਆਪਣੇ ਕਰੀਅਰ 'ਚ ਅੱਜ ਜਿੱਥੇ ਵੀ ਹਾਂ, ਉਹ ਆਪਣੀਆਂ ਫਿਲਮਾਂ ਦੇ ਕਾਰਣ ਹਾਂ । ਪਹਿਲੀ ਫਿਲਮ ਦੀ ਗੱਲ ਕਰਾਂ ਜਾਂ ਇਸ ਫਿਲਮ ਦੀ, ਹਮੇਸ਼ਾ ਅਲੱਗ ਕਿਰਦਾਰ ਨਿਭਾਏ। ਮੇਰੇ ਕਿਰਦਾਰ ਕਦੇ-ਕਦੇ ਆਸਾਨ ਨਹੀਂ ਹੁੰਦੇ, ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਸ਼ਾਇਦ ਹੁਣ ਦਰਸ਼ਕ ਵੀ ਮੈਥੋਂ ਉਹੀ ਉਮੀਦ ਕਰਦੇ ਹਨ। ਤੁਸੀਂ ਭਾਵੇਂ ਇੰਡਸਟਰੀ ਦੇ ਅੰਦਰੋਂ ਹੋਵੋ ਜਾਂ ਬਾਹਰੋਂ, ਤੁਹਾਨੂੰ ਜ਼ਿਆਦਾ ਮੌਕੇ ਨਹੀਂ ਮਿਲਦੇ ਕਿਉਂਿਕ ਬਹੁਤ ਲੋਕ ਹਨ ਅਤੇ ਬਹੁਤ ਪ੍ਰਤਿਭਾ ਹੈ। ਹੁਣ ਉਹ ਜ਼ਮਾਨਾ ਗਿਆ ਜਦੋਂ ਅਦਾਕਾਰ ਆਲਸੀ ਹੋਇਆ ਕਰਦੇ ਸਨ। ਹੁਣ ਸਮਾਂ ਬਦਲ ਚੁੱਕਾ ਹੈ। ਮੈਂ ਵੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਆਪਣੀ ਹਰ ਫਿਲਮ 'ਚ ਕੁਝ ਨਵਾਂ ਲੈ ਕੇ ਆਵਾਂ ਅਤੇ ਆਪਣੇ ਕੰਮ 'ਚ ਕੁਝ ਸੁਧਾਰ ਕਰਾਂ। ਇਕ ਅਦਾਕਾਰ ਵਜੋਂ ਮੇਰੇ ਅੰਦਰ ਕਾਫ਼ੀ ਤਬਦੀਲੀਆਂ ਆਈਆਂ ਹਨ ਪਰ ਮਾਨਸਿਕ ਰੂਪ 'ਚ ਮੈਂ ਅੱਜ ਵੀ ਉਹੋ ਇਨਸਾਨ ਹਾਂ, ਜਿਹੜੀ ਪਹਿਲਾਂ ਸੀ।
 

ਲੋਕਾਂ ਦੀ ਸੋਚ ਬਦਲੇਗੀ ਇਹ ਫਿਲਮ : ਆਯੁਸ਼ਮਾਨ ਖੁਰਾਨਾ
ਇਸ ਫਿਲਮ ਨੂੰ ਦੇਖਣ ਤੋਂ ਬਾਅਦ ਲੋਕਾਂ ਦੀ ਸੋਚ ਬਦਲਣ ਵਾਲੀ ਹੈ। ਇਹ ਫਿਲਮ ਖ਼ੁਦ ਨਾਲ ਪਿਆਰ ਕਰਨਾ ਸਿਖਾਉਂਦੀ ਹੈ। ਸਾਡੇ ਦੇਸ਼ 'ਚ ਖ਼ੂਬਸੂਰਤੀ ਦੀ ਜੋ ਪਰਿਭਾਸ਼ਾ ਹੈ, ਅਸੀਂ ਕੋਸ਼ਿਸ਼ ਕੀਤੀ ਹੈ ਿਕ ਇਸ ਫਿਲਮ ਦੇ ਜ਼ਰੀਏ ਉਸ ਨੂੰ ਬਦਲ ਸਕੀਏ। ਜੇਕਰ 10 'ਚੋਂ 2 ਲੋਕਾਂ ਦੀ ਸੋਚ ਵੀ ਅਸੀਂ ਬਦਲ ਪਾਉਂਦੇ ਹਾਂ ਤਾਂ ਫਿਲਮ ਸਾਡੇ ਹਿਸਾਬ ਨਾਲ ਸਫਲ ਹੋ ਜਾਵੇਗੀ।

ਫ੍ਰੈੱਸ਼ ਹੋਵੇਗੀ ਕੈਮਿਸਟਰੀ
ਇਕ ਅਦਾਕਾਰ ਲਈ ਹਮੇਸ਼ਾ ਮੁਸ਼ਕਲ ਹੁੰਦਾ ਹੈ ਕਿ ਜੇਕਰ ਤੁਸੀਂ ਕਿਸੇ ਅਦਾਕਾਰ ਨਾਲ ਮੁੜ ਕੰਮ ਕਰ ਰਹੇ ਹੋ ਤਾਂ ਤੁਹਾਡੀ ਪਿਛਲੀ ਫਿਲਮ ਦੀ ਕੈਮਿਸਟਰੀ ਤੁਹਾਡੀ ਨਵੀਂ ਫਿਲਮ 'ਤੇ ਹਾਵੀ ਨਹੀਂ ਹੋਣੀ ਚਾਹੀਦੀ। ਭੂਮੀ ਅਤੇ ਯਾਮੀ ਦੋਵਾਂ ਨਾਲ ਹੀ ਇਸ ਫਿਲਮ 'ਚ ਮੇਰੀ ਕੈਮਿਸਟਰੀ ਬਿਲਕੁਲ ਫ੍ਰੈੱਸ਼ ਹੈ। ਰਹੀ ਗੱਲ ਫਿਲਮ ਦੇ ਕੰਸੈਪਟ ਦੀ ਤਾਂ ਇਹ ਮੇਰੀਆਂ ਬਾਕ਼ੀ ਫਿਲਮਾਂ ਵਾਂਗ ਹੀ ਸਭ ਤੋਂ ਵੱਖ ਹੈ। ਮੈਂ ਚਾਹੁੰਦਾ ਸੀ ਕਿ ਇਸ ਫਿਲਮ ਦੀ ਸ਼ੂਟਿੰਗ ਲਈ ਮੈਂ ਆਪਣੇ ਵਾਲ ਮੁੰਡਵਾ ਲਵਾਂ ਪਰ ਫਿਲਮ ਨੇ ਵੱਖ-ਵੱਖ ਪੜਾਅ ਵਿਖਾਉਣੇ ਸਨ, ਇਸ ਲਈ ਮੈਂ ਅਜਿਹਾ ਨਹੀਂ ਕਰ ਸਕਿਆ।

ਪਿਛਲੇ ਪੇਸ਼ੇ ਤੋਂ ਮਿਲਿਆ ਅਦਾਕਾਰੀ 'ਚ ਫਾਇਦਾ
ਅਦਾਕਾਰ ਬਣਨ ਤੋਂ ਪਹਿਲਾਂ ਮੈਂ ਐਂਕਰ, ਰੇਡੀਓ ਜੌਕੀ ਅਤੇ ਗਾਇਕ ਰਹਿ ਚੁੱਕਾ ਸੀ। ਇਸ ਸਭ ਕਾਰਣ ਮੇਰੀ ਸਮਝ ਕਾਫ਼ੀ ਬਿਹਤਰ ਹੋ ਗਈ ਸੀ। ਬਾਲੀਵੁੱਡ ਦੇ ਬਾਹਰ ਦੇ ਲੋਕਾਂ ਦਾ ਸਿਨੇਮਾ ਦੇ ਪ੍ਰਤੀ ਨਜ਼ਰੀਆ ਵੀ ਮੇਰੇ ਨਾਲ ਹੀ ਸੀ, ਜਿਸ ਦਾ ਮੈਨੂੰ ਕਾਫ਼ੀ ਫ਼ਾਇਦਾ ਹੋਇਆ।

ਵਿੱਕੀ ਡੋਨਰ ਤੋਂ ਹੋਇਆ ਸ਼ੁਰੂ ਨਵਾਂ ਦੌਰ : ਯਾਮੀ
ਮੇਰੀ ਅਤੇ ਆਯੁਸ਼ਮਾਨ ਦੀ ਪਹਿਲੀ ਫਿਲਮ 'ਵਿੱਕੀ ਡੋਨਰ' ਨਾਲ ਸਿਨੇਮਾ 'ਚ ਇਕ ਨਵੇਂ ਦੌਰ ਦੀ ਸ਼ੁਰੂਆਤ ਹੋਈ। ਇਸ ਨੇ ਅਲੱਗ ਅਤੇ ਟੈਬੂ ਮੰਨੇ ਜਾਣ ਵਾਲੇ ਵਿਸ਼ਿਆਂ ਬਾਰੇ ਸਿਨੇਮਾ 'ਚ ਰਾਹ ਬਣਾਏ। ਚੰਗਾ ਲੱਗਦਾ ਹੈ ਿਕ ਹੁਣ ਫਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਸੰਦੇਸ਼ ਵੀ ਦਿੰਦੀਆਂ ਹਨ।

ਆਯੁਸ਼ਮਾਨ ਦੇ ਨਾਲ ਕਰੀਅਰ ਦੀ ਸ਼ੁਰੂਆਤ ਕਰਨਾ ਇਤਫ਼ਾਕ
ਮੈਂ ਅਤੇ ਆਯੁਸ਼ਮਾਨ ਪਰਿਵਾਰਕ ਮਿੱਤਰ ਵੀ ਹਾਂ। ਇਹ ਇਤਫਾਕ ਸੀ ਕਿ ਸਾਡੀ ਪਹਿਲੀ ਫਿਲਮ 'ਵਿੱਕੀ ਡੋਨਰ' ਇਕੱਠਿਆਂ ਸੀ। ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਵੀ ਹੈ। ਤਕਰੀਬਨ 7 ਸਾਲ ਬਾਅਦ ਅਸੀਂ ਮੁੜ ਇਕੱਠਿਆਂ ਕੰਮ ਕਰ ਰਹੇ ਹਾਂ। ਇੰਨੇ ਲੰਮੇ ਸਮੇਂ 'ਚ ਅਸੀਂ ਕਾਫ਼ੀ ਸਿੱਖਿਆ ਹੈ ਅਤੇ ਕਾਫ਼ੀ ਵਿਕਾਸ ਕੀਤਾ ਹੈ। ਆਯੁਸ਼ਮਾਨ ਆਪਣੇ ਕਰੀਅਰ 'ਚ ਜਿਸ ਮੁਕ਼ਾਮ 'ਤੇ ਹੈ, ਉਸ ਲਈ ਮੈਂ ਬਹੁਤ ਖ਼ੁਸ਼ ਹਾਂ। ਉਸ ਨੂੰ ਕੌਮੀ ਐਵਾਰਡ ਮਿਲਿਆ ਹੈ ਅਤੇ ਜਿਸ ਤਰ੍ਹਾਂ ਦੀਆਂ ਫਿਲਮਾਂ ਆਯੁਸ਼ਮਾਨ ਕਰ ਰਹੇ ਹਨ, ਉਹ ਕਾਮਯਾਬੀ ਦੇ ਹੱਕ਼ਦਾਰ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News