ਸਾਡੀ ਟੀਮ ਦੀ ਸਭ ਤੋਂ ਸ਼ਾਨਦਾਰ ਤੇ ਵੱਧ ਕਮਾਈ ਕਰਨ ਵਾਲੀ ਫਿਲਮ ਹੋਵੇਗੀ ‘ਸੁਫਨਾ’

2/12/2020 9:21:58 AM

ਜਲੰਧਰ (ਰਾਹੁਲ, ਨੇਹਾ) – ਪੰਜਾਬੀ ਫਿਲਮ ‘ਸੁਫਨਾ’ 14 ਫਰਵਰੀ ਯਾਨੀ ਕਿ ਵੈਲੇਨਟਾਈਨ ਡੇਅ ਵਾਲੇ ਦਿਨ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਐਮੀ ਵਿਰਕ ਤੇ ਤਾਨੀਆ ਦੀ ਇਹ ਰੋਮਾਂਟਿਕ ਫਿਲਮ ਦਰਸ਼ਕਾਂ ਨੂੰ ‘ਕਿਸਮਤ’ ਦੀ ਯਾਦ ਦਿਵਾਉਂਦੀ ਹੈ ਤੇ ਜਿਸ ਤਰ੍ਹਾਂ ਇਸ ਦੇ ਟ੍ਰੇਲਰ ਤੇ ਗੀਤਾਂ ਨੂੰ ਪਸੰਦ ਕੀਤਾ ਗਿਆ ਹੈ, ਇੰਝ ਲੱਗਦਾ ਹੈ ਕਿ ‘ਸੁਫਨਾ’ ਪੰਜਾਬੀ ਫਿਲਮ ‘ਕਿਸਮਤ’ ਦਾ ਵੀ ਰਿਕਾਰਡ ਤੋੜੇਗੀ। ਫਿਲਮ ’ਚ ਐਮੀ ਵਿਰਕ ਅਤੇ ਤਾਨੀਆ ਤੋਂ ਇਲਾਵਾ ਜਗਜੀਤ ਸੰਧੂ, ਸੀਮਾ ਕੌਸ਼ਲ, ਜੈਸਮੀਨ ਬਾਜਵਾ, ਕਾਕਾ ਕੌਤਕੀ, ਮੋਹੀਨੀ ਤੂਰ, ਲੱਖਾ ਲਹਿਰੀ, ਬਲਵਿੰਦਰ ਬੁਲੇਟ, ਰਬਾਬ ਕੌਰ ਤੇ ਮਿੰਟੂ ਕਾਪਾ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਨੂੰ ਲਿਖਿਆ ਅਤੇ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ ਅਤੇ ਪ੍ਰੋਡਿਊਸਰ ਗੁਰਪ੍ਰੀਤ ਸਿੰਘ ਅਤੇ ਨਵਨੀਤ ਵਿਰਕ ਹਨ। ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਐਮੀ ਵਿਰਕ, ਤਾਨੀਆ ਤੇ ਜਗਦੀਪ ਸਿੱਧੂ ‘ਜਗ ਬਾਣੀ’ ਦੇ ਵਿਹੜੇ ਪਹੁੰਚੇ। ਇਸ ਦੌਰਾਨ ਇਨ੍ਹਾਂ ਤਿੰਨਾਂ ਨਾਲ ਫਿਲਮ ਸਬੰਧੀ ਖਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

‘ਸੁਫਨਾ’ ਫਿਲਮ ਬਾਰੇ ਕੁਝ ਦੱਸੋ?
ਮੇਰੇ ਲਈ ‘ਸੁਫਨਾ’ ਸਿਰਫ ਇਕ ਫਿਲਮ ਨਹੀਂ ਹੈ। ਮੈਂ ਅੰਦਰੋਂ ਇਸ ਫਿਲਮ ਨਾਲ ਕਾਫੀ ਜ਼ਿਆਦਾ ਜੁੜੀ ਹੋਈ ਹਾਂ। ਮੈਨੂੰ ਲੱਗਦਾ ਹੈ ਕਿ ਫਿਲਮ ’ਚ ਨਿਭਾਇਆ ਕਿਰਦਾਰ ਮੇਰੇ ਅਸਲ ਜ਼ਿੰਦਗੀ ਦੇ ਕਿਰਦਾਰ ਤੋਂ ਬਹੁਤ ਅਲੱਗ ਹੈ। ਇਹ ਫਿਲਮ ਵੀ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ, ਕਿਉਂਕਿ ਇਸ ਫਿਲਮ ਰਾਹੀਂ ਮੈਨੂੰ ਕੁਝ ਵੱਖਰਾ ਕਰਨ ਨੂੰ ਮਿਲਿਆ।

ਫਿਲਮ ’ਚ ਤੁਸੀਂ ਨਰਮੇ ਦੀ ਫਸਲ ਦਾ ਖੂਬ ਇਸਤੇਮਾਲ ਕੀਤਾ ਹੈ। ਇਸ ਬਾਰੇ ਦੱਸੋ?
ਨਰਮਾ ਸਾਡੇ ਪੰਜਾਬ ਦੀ ਫਸਲ ਹੈ ਪਰ ਉਹ ਕਦੇ ਵੀ ਕਿਸੇ ਫਿਲਮ ’ਚ ਨਹੀਂ ਦਿਖਾਈ ਗਈ। ਮੈਂ ਇਕ ਬ੍ਰਾਜੀਲੀਅਨ ਫਿਲਮ ਦੇਖੀ ਸੀ, ਉਸ ’ਚ ਨਰਮੇ ਦੇ ਖੇਤਾਂ ਦੇ ਦ੍ਰਿਸ਼ ਸਨ। ਮੈਨੂੰ ਲੱਗਾ ਕਿ ਸਾਡੇ ਪੰਜਾਬ ’ਚ ਵੀ ਨਰਮਾ ਹੈ ਪਰ ਇਹ ਕਦੇ ਕਿਸੇ ਫਿਲਮ ’ਚ ਦਿਖਾਇਆ ਨਹੀਂ ਗਿਆ। ਬਹੁਤ ਸਾਲ ਪਹਿਲਾਂ ‘ਜੱਟ ਤੇ ਜ਼ਮੀਨ’ ਫਿਲਮ ’ਚ ਨਰਮਾ ਦਿਖਾਇਆ ਗਿਆ ਸੀ। ਕਈ ਵਾਰ ਇਹ ਗੱਲ ਦਿਮਾਗ ’ਚ ਆਉਂਦੀ ਸੀ ਕਿ ਕੋਈ ਨਰਮੇ ’ਤੇ ਫਿਲਮ ਆਉਣੀ ਚਾਹੀਦੀ ਹੈ। ਸੋ ਨਰਮੇ ਦੇ ਨਾਲ ਫਿਲਮ ’ਚ ਇਕ ਵੱਖਰੀ ਤਰ੍ਹਾਂ ਦੀ ਖੂਬਸੂਰਤੀ ਦੇਖਣ ਨੂੰ ਮਿਲੇਗੀ।

ਕੀ ਫਿਲਮ ਸੱਚੀ ਕਹਾਣੀ ’ਤੇ ਆਧਾਰਿਤ ਹੈ ਜਾਂ ਤੁਹਾਡੀ ਸੋਚ ਦੀ ਉਪਜ ਹੈ?
ਨਹੀਂ ਇਹ ਸੱਚੀ ਕਹਾਣੀ ਨਹੀਂ ਹੈ, ਫਿਲਮ ਸੋਚ ਦੀ ਉਪਜ ਹੀ ਹੈ ਪਰ ਮੇਰੀ ਹਰ ਫਿਲਮ ਕਿਤਿਓਂ ਨਾ ਕਿਤਿਓਂ ਪ੍ਰੇਰਿਤ ਹੁੰਦੀ ਹੈ। ਗੁਰਨਾਮ ਭੁੱਲਰ ਦੇ ‘ਪਾਗਲ’ ਗੀਤ ਤੋਂ ਇਹ ਫਿਲਮ ਪ੍ਰੇਰਿਤ ਹੈ। ਜਦੋਂ ਇਹ ਗੀਤ ਰਿਲੀਜ਼ ਵੀ ਨਹੀਂ ਹੋਇਆ ਸੀ, ਉਦੋਂ ਮੈਂ ਬਹੁਤ ਸੁਣਿਆ। ਗੀਤ ਨੂੰ ਸੁਣ-ਸੁਣ ਕੇ ਹੀ ਮੈਨੂੰ ‘ਸੁਫਨਾ’ ਫਿਲਮ ਬਣਾਉਣ ਦਾ ਵਿਚਾਰ ਆਇਆ। ਫਿਰ ਜਿਸ ਤਰ੍ਹਾਂ ਦਾ ਤਾਨੀਆ ਦਾ ਕਿਰਦਾਰ ਹੈ, ਉਸ ਤਰ੍ਹਾਂ ਦੇ ਦੋ-ਤਿੰਨ ਲੋਕਾਂ ਨੂੰ ਮਿਲਿਆ। ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਜਾਣ ਕੇ ਫਿਲਮ ’ਚ ਪਾਈਆਂ। ਸੋ ਗੁਰਨਾਮ ਭੁੱਲਰ ਅਤੇ ਇਕ-ਦੋ ਹੋਰ ਬੰਦਿਆਂ ਦੀ ਜ਼ਿੰਦਗੀ ਤੋਂ ਇਹ ਫਿਲਮ ਪ੍ਰੇਰਿਤ ਹੈ।

ਵੱਖ-ਵੱਖ ਕਿਰਦਾਰਾਂ ’ਚ ਢਲਣ ਲਈ ਕਿੰਨੀ ਕੁ ਮਿਹਨਤ ਲੱਗਦੀ ਹੈ?
ਸ਼ੂਟਿੰਗ ਦੇ ਪਹਿਲੇ ਦਿਨ ਜਾਂ ਪਹਿਲੇ ਸੀਨ ’ਚ ਤੁਸੀਂ ਆਪਣਾ ਕਿਰਦਾਰ ਤਿਆਰ ਕਰ ਸਕਦੇ ਹੋ ਤੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕੀ ਕਰਨਾ ਹੈ। ‘ਸੁਫਨਾ’ ਲਈ ਜਗਦੀਪ ਨੇ ਮੈਨੂੰ ਕਿਰਦਾਰ ਬਾਰੇ ਦੱਸਿਆ ਸੀ ਤੇ ਉਸ ਨੇ ਮੈਨੂੰ ਕਿਹਾ ਕਿ ਜੋ ਦਿਲ ਕਰਦਾ ਹੈ, ਉਸ ਤਰ੍ਹਾਂ ਕਰ ਲੈ। ਸ਼ੁਰੂਆਤੀ ਸੀਨਜ਼ ’ਚ ਜਗਦੀਪ ਨਾਲ ਸਲਾਹ ਹੋਈ, ਇਸ ਤੋਂ ਬਾਅਦ ਸਭ ਆਸਾਨੀ ਨਾਲ ਹੋ ਜਾਂਦਾ ਹੈ। ਹਰ ਫਿਲਮ ’ਚ ਅਜਿਹਾ ਹੀ ਹੁੰਦਾ ਹੈ, ਸ਼ੁਰੂਆਤ ਦੇ ਇਕ-ਦੋ ਦਿਨਾਂ ’ਚ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਫਿਲਮ ’ਚ ਕੀ ਕਰਨਾ ਹੈ।

ਕਿਰਦਾਰ ਅਤੇ ਲੁੱਕ ਨਾਲ ਤਜਰਬੇ ਨੂੰ ਲੈ ਕੇ ਕਿੰਨੇ ਕੁ ਉਤਸ਼ਾਹਿਤ ਸੀ?
ਮੈਨੂੰ ਵਧੀਆ ਲੱਗਦਾ ਹੈ ਕੁਝ ਵੱਖਰਾ ਕਰ ਕੇ। ਭਾਵੇਂ ਡਾਇਲਾਗ ਵੱਖਰਾ ਹੋਵੇ, ਐਕਸੈਂਟ ਵੱਖਰਾ ਹੋਵੇ, ਲੁੱਕ ਵੱਖਰੀ ਹੋਵੇ ਕੁਝ ਅਲੱਗ ਕਰਨਾ ਵਧੀਆ ਲੱਗਦਾ ਹੈ। ਜਦੋਂ ਲੁੱਕ ਟੈਸਟ ਸੀ ਤਾਂ ਜਗਦੀਪ ਜੀ ਨੂੰ ਮੈਂ ਕਿਹਾ ਸੀ ਕਿ ਲੁੱਕ ਟੈਸਟ ਲਈ ਮੈਂ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਮੈਂ ਚਿਹਰੇ ’ਤੇ ਦਾਣੇ ਪਾ ਕੇ ਦੇਖਣੇ ਸੀ। ਸੋ ਜਦੋਂ ਪਿੰਡਾਂ ’ਚ ਕੁੜੀਆਂ ਕੰਮ ਕਰਦੀਆਂ ਹਨ ਤਾਂ ਇਸ ਤਰ੍ਹਾਂ ਉਨ੍ਹਾਂ ਦੇ ਚਿਹਰੇ ’ਤੇ ਤਿੱਲ ਪੈ ਜਾਂਦੇ ਹਨ। ਕਾਫੀ ਵਧੀਆ ਲੱਗਾ ਇਸ ਲੁੱਕ ’ਚ ਕੰਮ ਕਰ ਕੇ। ਸੋ ਮੈਨੂੰ ਯਕੀਨ ਸੀ ਕਿ ਜੋ ਲੁੱਕ ਮੈਂ ਅਪਣਾਈ ਹੈ, ਉਸ ਨੂੰ ਲੋਕ ਜ਼ਰੂਰ ਪਸੰਦ ਕਰਨਗੇ।

ਜਦੋਂ ਕਿਰਦਾਰ ਲਿਖੇ ਤਾਂ ਸ਼ੁਰੂਆਤ ਤੋਂ ਹੀ ਤੁਹਾਡੇ ਦਿਮਾਗ ’ਚ ਇਹੀ ਸਟਾਰਕਾਸਟ ਸੀ?
ਸਕ੍ਰਿਪਟ ਦੌਰਾਨ ਮੈਂ ਮੁੱਖ ਕਿਰਦਾਰ ਗੁਰਨਾਮ ਭੁੱਲਰ ਨੂੰ ਸੋਚਿਆ ਸੀ ਕਿਉਂਕਿ ਇਹ ਫਿਲਮ ਉਸ ਲਈ ਲਿਖੀ ਸੀ। ਫੀਮੇਲ ਲੀਡ ਲਈ ਮੈਂ ਰੂਪੀ ਗਿੱਲ ਜਾਂ ਤਾਨੀਆ ਨੂੰ ਲੈਣਾ ਚਾਹੁੰਦਾ ਸੀ। ਰੂਪੀ ਗਿੱਲ ਨਾਲ ਮੈਂ ਗੱਲ ਕੀਤੀ ਸੀ ਤੇ ਸੇਮ ਟਾਈਮ ਮੈਂ ਤਾਨੀਆ ਨਾਲ ਵੀ ਗੱਲ ਕੀਤੀ ਸੀ। ਜਦੋਂ ਮੈਂ ਕਿਰਦਾਰ ਬਾਰੇ ਰਿਸਰਚ ਕਰ ਰਿਹਾ ਸੀ ਤਾਂ ਇਕ ਪਾਕਿਸਤਾਨੀ ਲੜਕੀ ਦੀ ਤਸਵੀਰ ਮਿਲੀ ਸੀ ਤੇ ਫਿਰ ਮੈਨੂੰ ਲੱਗਾ ਕਿ ਤਾਨੀਆ ਇਸ ਕਿਰਦਾਰ ਦੇ ਜ਼ਿਆਦਾ ਨਜ਼ਦੀਕ ਹੈ। ਸੋ ਅਸੀਂ ਉਦੋਂ ਹੀ ਪਿਛਲੇ ਸਾਲ ਮਾਰਚ ’ਚ ਲੁੱਕ ਟੈਸਟ ਕੀਤਾ ਸੀ। ਸੋ ਉਹ ਲੁੱਕ ਟੈਸਟ ਕਰਦਿਆਂ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਫਿਲਮ ਤਾਨੀਆ ਲਈ ਹੀ ਬਣੀ ਹੈ। ਮੈਨੂੰ ਲੱਗਦਾ ਹੈ ਕਿ ਇਹ ਫਿਲਮ ਤਾਨੀਆ ਦੇ ਨਾਂ ਤੋਂ ਹੀ ਯਾਦ ਕੀਤੀ ਜਾਵੇਗੀ।

‘ਸੁਫਨਾ’ ਵਰਗੀਆਂ ਫਿਲਮਾਂ ’ਤੇ ਇਨਵੈਸਟ ਕਰਨ ਸਮੇਂ ਕਦੇ ਟੈਨਸ਼ਨ ਹੁੰਦੀ ਹੈ?
ਬਿਲਕੁਲ ਨਹੀਂ, ਮੈਨੂੰ ਪਤਾ ਹੈ ਕਿ ਸਾਡੀ ਟੀਮ ਸੋਚ ਸਮਝ ਕੇ ਹੀ ਫਿਲਮਾਂ ’ਤੇ ਕੰਮ ਕਰਦੀ ਹੈ ਅਤੇ ਜਦੋਂ ਜਗਦੀਪ ਨਾਲ ਹੁੰਦੇ ਹਨ ਤਾਂ ਸੋਚਣ ਦੀ ਲੋੜ ਵੀ ਨਹੀਂ ਪੈਂਦੀ ਹੈ ਤਾਂ ਹੀ ਜਗਦੀਪ ਦੀਆਂ ਲਿਖੀਆਂ ਫਿਲਮਾਂ ਦੀ ਸਕ੍ਰਿਪਟ ਮੈਂ ਪਹਿਲਾਂ ਪੜ੍ਹਦਾ ਹਾਂ। ‘ਸੁਫਨਾ’ ਬਾਰੇ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਮੇਰੀ ਹੀ ਨਹੀਂ, ਸਗੋਂ ਸਾਡੀ ਟੀਮ ਦੀ ਸਭ ਤੋਂ ਸ਼ਾਨਦਾਰ ਅਤੇ ਵੱਧ ਕਮਾਈ ਕਰਨ ਵਾਲੀ ਫਿਲਮ ਹੋਵੇਗੀ।

ਕੀ ਤੁਹਾਨੂੰ ਲੱਗਦਾ ਹੈ ਕਿ ਮਹਿਲਾਵਾਂ ਲਈ ਹੁਣ ਪਾਲੀਵੁੱਡ ’ਚ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਹਨ?
ਕੁਈਨ ਫਿਲਮ ਤੋਂ ਹੀ ਮਹਿਲਾਵਾਂ ਲਈ ਸਿਨੇਮਾ ’ਚ ਮੁੱਖ ਭੂਮਿਕਾ ਵਾਲੀਆਂ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਸਨ। ਪਾਲੀਵੁੱਡ ਦੀ ਗੱਲ ਕਰੀਏ ਤਾਂ ‘ਕਿਸਮਤ’ ’ਚ ਵੀ ਮੁੰਡੇ ਤੇ ਕੁੜੀ ਦਾ ਇਕੋ-ਜਿਹਾ ਕਿਰਦਾਰ ਸੀ। ਫਿਰ ‘ਗੁੱਡੀਆਂ ਪਟੋਲੇ’ ਬਣੀ ਤੇ ਹੁਣ ‘ਅੜਬ ਮੁਟਿਆਰਾਂ’ ਵੀ। ਸੋ ਮੈਨੂੰ ਲੱਗਦਾ ਹੈ ਕਿ ਮਹਿਲਾਵਾਂ ਨੂੰ ਲੈ ਕੇ ਸਿਨੇਮਾ ਬਦਲ ਚੁੱਕਾ ਹੈ।

ਪਿਆਰ ਦਾ ਮਤਲਬ ਤੁਹਾਡੇ ਲਈ ਕੀ ਹੈ?
ਮੇਰੇ ਲਈ ਪਿਆਰ ਹੀ ਸਭ ਕੁਝ ਹੈ। ਉਹ ਤੁਸੀਂ ਆਪਣੇ ਪਰਿਵਾਰ ਤੇ ਸੱਜਣ-ਮਿੱਤਰਾਂ ਨਾਲ ਵੀ ਕਰ ਸਕਦੇ ਹੋ। ਪਿਆਰ ਹੀ ਉਹ ਇਕ ਚੀਜ਼ ਹੈ, ਜੋ ਇਕ-ਦੂਜੇ ਨੂੰ ਆਪਸ 'ਚ ਬੰਨ੍ਹ ਕੇ ਰੱਖਦਾ ਹੈ ਪਰ ਪਿਆਰ ਸੱਚਾ ਹੋਣਾ ਚਾਹੀਦਾ ਹੈ, ਝੂਠਾ ਨਹੀਂ। ਤੁਸੀਂ ਇਜ਼ਹਾਰ ਕਰੋ ਜਾਂ ਨਾ, ਤੁਹਾਡੇ ਦਿਲ ’ਚ ਸਾਹਮਣੇ ਵਾਲੇ ਲਈ ਪਿਆਰ ਹੋਣਾ ਚਾਹੀਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News