ਸਤਿੰਦਰ ਸਰਤਾਜ ਦੇ ''ਟਿਕ ਟਾਕ'' ਪ੍ਰਸ਼ੰਸਕਾਂ ਵਲੋਂ ''ਇੱਕੋ ਮਿੱਕੇ'' ਦੇ ਪ੍ਰਚਾਰ ਨੂੰ ਵੱਡਾ ਹੁੰਗਾਰਾ

3/5/2020 4:46:55 PM

ਜਲੰਧਰ (ਬਿਊਰੋ) — ਪੰਜਾਬੀ ਸੰਗੀਤ ਜਗਤ 'ਚ ਸੂਫ਼ੀਆਨਾ ਗਾਇਕੀ ਨਾਲ ਵੱਡੀ ਪਛਾਣ ਸਥਾਪਿਤ ਕਰਨ ਵਾਲੇ ਡਾ. ਸਤਿੰਦਰ ਸਰਤਾਜ ਦਾ ਦੇਸ਼-ਵਿਦੇਸ਼ਾਂ 'ਚ ਇਕ ਵੱਡਾ ਪ੍ਰਸ਼ੰਸਕ ਵਰਗ ਹੈ, ਜੋ ਉਨ੍ਹਾਂ ਦੇ ਗੀਤਾਂ ਨੂੰ ਦਿਲੋਂ ਪਿਆਰ ਦਿੰਦਾ ਹੈ। ਉਨ੍ਹਾਂ ਦੇ ਹਜ਼ਾਰਾਂ ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦੇ ਬੋਲਾਂ 'ਤੇ 'ਟਿਕ ਟਾਕ' ਵੀਡੀਓਜ਼ ਬਣਾ ਕੇ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ। ਸਤਿੰਦਰ ਸਰਤਾਜ ਹੁਣ ਗਾਇਕੀ ਦੇ ਨਾਲ-ਨਾਲ ਫ਼ਿਲਮੀ ਸਫ਼ਰ ਦੀ ਵੀ ਸ਼ੁਰੂਆਤ ਕਰ ਰਹੇ ਹਨ। ਬਤੌਰ ਨਾਇਕ ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ 'ਇੱਕੋ ਮਿੱਕੇ' 13 ਮਾਰਚ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ। ਇਹ ਫ਼ਿਲਮ ਉਨ੍ਹਾਂ ਦੇ ਖੂਬਸੂਰਤ ਗੀਤਾਂ ਵਾਂਗ ਖੂਬਸੂਰਤ ਰਿਸ਼ਤਿਆਂ ਦੀ ਪਰਿਵਾਰਕ ਕਹਾਣੀ 'ਤੇ ਆਧਾਰਿਤ ਹੈ। ਗਾਇਕੀ ਵਾਂਗ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਇਸ ਫ਼ਿਲਮ ਦੇ ਗੀਤਾਂ ਤੇ ਡਾਇਲਾਗਸ 'ਤੇ ਆਪੋ-ਆਪਣੇ ਖੂਬਸੂਰਤ ਅੰਦਾਜ਼ 'ਚ ਫਿਲਮਾਏ 'ਟਿਕ ਟਾਕ' ਵੀਡੀਓਜ਼ ਰਾਹੀਂ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਫ਼ਿਲਮ ਸਬੰਧੀ ਸਿਰਫ਼ 6 ਦਿਨਾਂ 'ਚ 1 ਲੱਖ ਤੋਂ ਵੱਧ 'ਟਿਕ ਟਾਕ' ਵੀਡੀਓਜ਼ ਹੁਣ ਤਕ ਵਾਇਰਲ ਹੋ ਚੁੱਕੀਆਂ ਹਨ, ਜੋ ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ। ਸਤਿੰਦਰ ਸਰਤਾਜ ਦੇ ਪ੍ਰਸ਼ੰਸਕਾਂ ਵਲੋਂ ਕੀਤੇ ਜਾ ਰਹੇ ਇਸ ਅਨੋਖੇ ਪ੍ਰਚਾਰ ਦੀ ਚਰਚਾ ਅੱਜ ਫ਼ਿਲਮੀ ਹਲਕਿਆਂ 'ਚ ਜ਼ੋਰਾਂ 'ਤੇ ਹੋ ਰਹੀ ਹੈ। ਇਸ ਫ਼ਿਲਮ ਸਬੰਧੀ ਤਮਾਮ ਪ੍ਰਸ਼ੰਸ਼ਕਾਂ ਦਾ ਕਹਿਣਾ ਹੈ ਕਿ ਸਮਾਜ ਨਾਲ ਜੁੜੀਆਂ ਫ਼ਿਲਮਾਂ ਨੂੰ ਹਮੇਸ਼ਾ ਹੀ ਚੰਗਾ ਹੁੰਗਾਰਾ ਮਿਲਦਾ ਰਿਹਾ ਹੈ। ਸਤਿੰਦਰ ਸਰਤਾਜ ਦਾ ਫ਼ਿਲਮੀ ਪਰਦੇ 'ਤੇ ਆਉਣਾ ਕੋਈ ਆਮ ਗੱਲ ਨਹੀਂ ਹੈ, ਬਲਕਿ ਕਾਮੇਡੀ ਤੇ ਵਿਆਹ ਕਲਚਰ ਵਾਲੇ ਸਿਨੇਮੇ 'ਚ ਇਕ ਵੱਡੇ ਬਦਲਾਅ ਦੀ ਨਿਸ਼ਾਨੀ ਹੈ। ਇਹ ਫ਼ਿਲਮ ਉਨ੍ਹਾਂ ਦੇ ਗੀਤਾਂ ਵਰਗੀ ਹੀ ਮਹਿਕ ਨਾਲ ਪੰਜਾਬੀ ਸਿਨੇਮੇ ਜ਼ਰੀਏ ਸਾਡੇ ਸਮਾਜਿਕ ਚੁਗਿਰਦੇ ਨੂੰ ਮਹਿਕਾਵੇਗੀ। ਜ਼ਿਕਰਯੋਗ ਹੈ ਕਿ ਸਰਤਾਜ ਫ਼ਿਲਮ 'ਇੱਕੋ ਮਿੱਕੇ' 'ਚ ਬਤੌਰ ਨਾਇਕ ਚਰਚਿਤ ਅਦਾਕਾਰਾ ਅਦਿਤੀ ਸ਼ਰਮਾ ਨਾਲ ਪੰਜਾਬੀ ਪਰਦੇ 'ਤੇ ਨਜ਼ਰ ਆਉਣਗੇ।

ਫਿਰਦੋਜ਼ ਪ੍ਰੋਡਕਸ਼ਨ, ਸਰਤਾਜ ਫ਼ਿਲਮਜ਼, ਸੈਵਨ ਕਲਰ ਮੋਸ਼ਨ ਪਿਕਚਰਜ਼ ਤੇ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਬਣੀ 'ਇੱਕੋ ਮਿੱਕੇ' ਪੰਜਾਬ ਦੀ ਧਰਾਤਲ ਨਾਲ ਜੁੜੀ ਪਿਆਰ ਮੁਹੱਬਤਾਂ 'ਚ ਰੰਗੀ, ਸਮਾਜਿਕ ਦਾਇਰੇ ਦੀ ਪਰਿਵਾਰਕ ਕਹਾਣੀ ਹੈ, ਜੋ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ-ਨਾਲ ਪਤੀ-ਪਤਨੀ ਦੀ ਨੋਕ-ਝੋਕ ਤੇ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾਏਗੀ। ਇਸ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਪੰਕਜ ਵਰਮਾ ਹਨ। ਇਸ ਫ਼ਿਲਮ 'ਚ ਸਤਿੰਦਰ ਸਰਤਾਜ, ਅਦਿਤੀ ਸ਼ਰਮਾ, ਸਰਦਾਰ ਸੋਹੀ, ਮਹਾਵੀਰ ਭੁੱਲਰ, ਸ਼ਿਵਾਨੀ ਸੈਣੀ, ਵੰਦਨਾ ਸ਼ਰਮਾ, ਬਲਵਿੰਦਰ ਬੇਗੋ, ਵਿਜੇ ਕੁਮਾਰ, ਨਵਦੀਪ ਕਲੇਰ, ਰਾਜ ਧਾਲੀਵਾਲ, ਉਮੰਗ ਸ਼ਰਮਾ, ਨੂਰ ਚਹਿਲ ਤੇ ਮਨਿੰਦਰ ਵੈਲੀ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੇ ਗੀਤ ਬਹੁਤ ਵਧੀਆ ਹਨ, ਜੋ ਬੀਟ ਮਨਿਸਟਰ ਦੇ ਸੰਗੀਤ 'ਚ ਖੁਦ ਸਰਤਾਜ ਦੇ ਲਿਖੇ ਤੇ ਗਾਏ ਹਨ। ਫ਼ਿਲਮ ਦਾ ਸੰਗੀਤ 'ਸਾਗਾ ਮਿਊਜ਼ਿਕ' ਵਲੋਂ ਰਿਲੀਜ਼ ਕੀਤਾ ਗਿਆ ਹੈ। ਇਹ ਫ਼ਿਲਮ 13 ਮਾਰਚ ਨੂੰ ਸੈਵਨ ਕਲਰ ਮੋਸ਼ਨ ਪਿਕਚਰਜ਼ ਵਲੋਂ ਦੇਸ਼-ਵਿਦੇਸ਼ਾਂ 'ਚ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News