ਜੋਰਾ ਦੱਸ ਨੰਬਰੀਆ ਦੇ ਹਰ ਕਿਰਦਾਰ ਦੀ ਕਹਾਣੀ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ

1/28/2020 3:06:20 PM

ਜੱਗਾ ਬਾਈ ਬਨਾਮ ਧਰਮਿੰਦਰ ਜੀ
6 ਮਾਰਚ ਨੂੰ ਵੱਡੇ ਪਰਦੇ 'ਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਜੋਰਾ ਦਿ ਸੈਕਿੰਡ ਚੈਪਟਰ' ਦੇ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਜੀ ਦਾ ਕਹਿਣਾ ਹੈ ਕਿ ਫਿਲਮ ਵਿਚ ਅਦਾਕਾਰ ਦਾ ਕਿਰਦਾਰ ਦੇ ਨਾਲ-ਨਾਲ ਅਦਾਕਾਰੀ ਵਿਚ ਨਿਪੁੰਨ ਹੋਣਾ ਲਾਜ਼ਮੀ ਹੈ। ਕਿਸ ਤਰ੍ਹਾਂ ਦਾ ਕਿਰਦਾਰ ਕੌਣ ਨਿਭਾ ਸਕਦਾ ਹੈ? ਜਾਂ ਆਖ ਲਓ ਕੌਣ ਨਿਭਾਏਗਾ? ਛੋਟੇ ਤੋਂ ਲੈ ਵੱਡੇ ਕਿਰਦਾਰ ਬਾਰੇ ਉਹ ਬਹੁਤ ਹੀ ਸੂਝਬੂਝ ਨਾਲ ਸੋਚਦੇ ਹਨ। 'ਜੋਰਾ' ਫਿਲਮ ਲਈ ਅਦਾਕਾਰਾਂ ਦੀ ਚੋਣ ਸਬੰਧੀ, ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਬਾਈ ਅਮਰਦੀਪ ਸਿੰਘ ਗਿੱਲ ਨਾਲ ਚੱਲ ਰਹੀ ਗੱਲਬਾਤ ਦੇ ਸਿਲਸਿਲੇ ਵਿਚ ਅੱਜ ਫਿਲਮ ਦੇ ਅਹਿਮ ਕਿਰਦਾਰ 'ਜੱਗਾ ਬਾਈ' ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ।  ਜੱਗਾ ਬਾਈ ਦਾ ਕਿਰਦਾਰ ਬਾਲੀਵੁੱਡ ਵਿਚ ਐਂਗਰੀ ਯੰਗ ਮੈਨ ਵਜੋਂ ਜਾਣੇ ਜਾਂਦੇ ਧਰਮਿੰਦਰ ਨੇ ਨਿਭਾਇਆ ਹੈ। ਧਰਮਿੰਦਰ ਨੇ ਹਿੰਦੀ ਅਤੇ ਪੰਜਾਬੀ ਦੀਆਂ ਸੈਂਕੜੇ ਫਿਲਮ ਵਿਚ ਅਦਾਕਾਰੀ ਕੀਤੀ ਅਤੇ ਕਰੀਬ 5 ਦਹਾਕਿਆਂ ਤੋਂ ਹੁਣ ਵੀ ਫਿਲਮਾਂ ਦੇਖਣ ਵਾਲਿਆਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਧਰਮਿੰਦਰ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨਸਰਾਲੀ ਵਿਚ 8 ਦਸੰਬਰ 1935 ਨੂੰ ਹੋਇਆ। ਧਰਮਿੰਦਰ ਨੇ ਆਪਣਾ ਮੁੱਢਲਾ ਜੀਵਨ ਸਹਾਨੇਵਾਲ ਵਿਖੇ ਬਿਤਾਇਆ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਤੋਂ ਕਲਾਂ ਲੁਧਿਆਣਾ ਤੋਂ ਮੁੱਢਲੀ ਪੜ੍ਹਾਈ ਕੀਤੀ। ਉਨ੍ਹਾਂ ਨੇ ਆਪਣੀ ਬਾਕੀ ਦੀ ਪੜ੍ਹਾਈ ਸੰਨ 1952 ਵਿਚ ਫਗਵਾੜਾ ਦੇ ਰਾਮਗੜ੍ਹੀਆ ਕਾਲਜ ਤੋਂ ਪੂਰੀ ਕੀਤੀ। 

ਫਿਲਮ ਫੇਅਰ ਮੈਗਜ਼ੀਨ ਦੁਆਰਾ ਕਰਵਾਏ ਗਏ 'ਨਵੇਂ ਪ੍ਰਤਿਭਾ ਐਵਾਰਡ' ਦਾ ਵਿਜੇਤਾ ਹੋਣ ਤੋਂ ਬਾਅਦ ਉਹ ਫਿਲਮੀ ਜਗਤ ਵਿਚ ਅਦਾਕਾਰੀ ਦੇ ਕੰਮ ਦੀ ਭਾਲ ਵਿਚ ਮੁੰਬਈ ਚਲੇ ਗਏ। ਧਰਮਿੰਦਰ ਨੇ ਸਾਲ 1960 ਵਿਚ ਅਰਜੁਨ ਹਿੰਗੋਰਾਣੀ ਦੀ ਫਿਲਮ 'ਦਿਲ ਭੀ ਤੇਰਾ ਹਮ ਭੀ ਤੇਰੇ' ਨਾਲ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ। ਸਾਲ 1961 ਵਿਚ ਫਿਲਮ 'ਬੁਆਏਫਰੈਂਡ' ਵਿਚ ਇਕ ਸਹਾਇਕ ਅਦਾਕਾਰ ਵਜੋਂ ਕੰਮ ਕੀਤਾ ਤੇ ਉਨ੍ਹਾਂ ਸਾਲ 1960 ਤੋਂ 1967 ਦੌਰਾਨ ਕਈ ਰੋਮਾਂਟਿਕ ਫਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਦੀ ਪਹਿਲੀ ਐਕਸ਼ਨ ਫਿਲਮ 'ਫੂਲ ਔਰ ਪੱਥਰ' ਸ਼ਾਨਦਾਰ ਹਿੱਟ ਰਹੀ। ਧਰਮਿੰਦਰ ਦਿਓਲ ਜੀ ਨੂੰ ਐਕਸ਼ਨ ਫਿਲਮਾਂ ਦੇ ਸਫਲ ਨਾਇਕ ਹੋਣ ਕਰਕੇ ਉਨ੍ਹਾਂ ਨੂੰ 'ਹੀ-ਮੈਨ' ਅਤੇ 'ਐਕਸ਼ਨ ਕਿੰਗ' ਵਜੋਂ ਵੀ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਧਰਮਿੰਦਰ ਨੇ 'ਜੋਰਾ' ਫਿਲਮ ਵਿਚ ਆਪਣੀ ਅਦਾਕਾਰੀ ਦੀ ਬਹੁਤ ਹੀ ਅਹਿਮ ਭੂਮਿਕਾ ਨਿਭਾਈ।

ਅਮਰਦੀਪ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਦਿਮਾਗ ਵਿਚ 'ਜੱਗਾ ਬਾਈ' ਕਿਰਦਾਰ ਦੀ ਉਪਜ ਹੋਈ ਤੇ ਕਿਸ ਤਰ੍ਹਾਂ ਉਨ੍ਹਾਂ ਨੇ ਇਸ ਕਿਰਦਾਰ ਨੂੰ ਨਿਭਾਉਣ ਲਈ ਧਰਮਿੰਦਰ ਨੂੰ ਚੁਣਿਆ। ਬੇਸ਼ੱਕ ਉਹ ਬਹੁਤ ਥੋੜੇ ਸਮੇਂ ਲਈ ਪਰਦੇ 'ਤੇ ਆਓਂਦੇ ਹਨ ਪਰ ਜਿਹੜੀਆਂ ਖਾਸ ਗੱਲ ਜਾਂ ਸੁਨੇਹਾ 'ਜੋਰਾ' ਰਾਹੀਂ ਅਸੀਂ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਉਹ ਸਾਰੀਆਂ ਗੱਲਾਂ ਧਰਮਿੰਦਰ ਦੇ ਸੰਵਾਦ ਵਿਚ ਇਕ ਫਲੋਸਪੀ ਵਜੋਂ ਬੁਲਵਾਈਆਂ ਗਈਆਂ ਹਨ। ਫਿਲਮ ਦਾ ਬਹੁਤ ਹੀ ਅਹਿਮ ਡਾਇਲਾਗ ਹੈ, ''ਰਾਜਨੀਤੀ ਗੁੰਡਿਆਂ ਦੀ ਆਖਰੀ ਪਣਹਾ ਹੁੰਦੀ ਹੈ।'' ਮੈਂ ਇਸ ਫਿਲਮ ਰਾਹੀਂ ਦਿਖਾਉਣਾ ਚਾਹੁੰਦਾ ਸੀ ਕਿ ਰਾਜਨੀਤੀ ਅਖੀਰ ਗੁੰਡਿਆਂ ਦੀ ਪਣਹਾ ਬਣਦੀ ਕਿਵੇਂ ਹੈ?

ਅਮਰਦੀਪ ਸਿੰਘ ਗਿੱਲ ਦੇ ਕਹਿਣ ਮੁਤਾਬਿਕ, ਅੱਜ ਤੋਂ ਕਰੀਬ 8 ਸਾਲ ਪਹਿਲਾਂ ਜਦੋਂ ਮੈਂ ਇਹ ਫਿਲਮ ਦੀ ਕਹਾਣੀ ਲਿਖੀ, ਬਠਿੰਡੇ ਹੁੰਦਾ ਸੀ। ਉਸ ਸਮੇਂ ਇਹ ਸੋਚਿਆ ਵੀ ਨਹੀਂ ਸੀ ਕਿ ਜੱਗਾ ਬਾਈ ਦਾ ਕਿਰਦਾਰ ਧਰਮਿੰਦਰ ਨਿਭਾਉਣਗੇ। ਉਦੋਂ ਮੈਂ ਇਸ ਕਿਰਦਾਰ ਲਈ ਹੋਰਾਂ ਅਦਾਕਾਰਾਂ ਬਾਰੇ ਸੋਚਦਾ ਹੁੰਦਾ ਸੀ। ਪਹਿਲੀ ਵਾਰੀ ਜੋ ਅਦਾਕਾਰ ਮੇਰੇ ਖਿਆਲ ਵਿਚ ਆਇਆ ਉਹ ਅਦਾਕਰ ਸੀ ਨਾਨਾ ਪਾਟੇਕਰ ਕਿ ਇਨ੍ਹਾਂ ਨੂੰ ਇਸ ਕਿਰਦਾਰ ਲਈ ਲੈ ਕੇ ਆਵਾਂ। ਫਿਰ ਮੈਂ ਸੋਚਦਾ ਸੀ ਕਿ ਇਹ ਕਿਰਦਾਰ ਨਸੀਰੂਦੀਨ ਸ਼ਾਹ ਕੋਲੋਂ ਵੀ ਕਰਵਾਇਆ ਜਾ ਸਕਦਾ ਹੈ|ਪਰ ਧਰਮਿੰਦਰ ਬਾਰੇ ਇਹ ਕਦੇ ਵੀ ਨਹੀਂ ਸੀ ਸੋਚਿਆ ਕਿਉਂਕਿ ਮੈਨੂੰ ਲੱਗਦਾ ਸੀ ਕਿ ਧਰਮਿੰਦਰ ਮੇਰੀ ਪੁਹੰਚ ਵਿਚ ਨਹੀਂ ਆਉਣਗੇ। ਪੰਜਾਬੀ ਫਿਲਮ ਜਗਤ ਦੇ ਕਥਿਤ ਸੁਪਰਸਟਾਰਾਂ ਨੂੰ ਇਹ ਫਿਲਮ ਸੁਣਾਉਣ ਦੇ ਸਿਲਸਿਲੇ ਵਿਚ ਹੀ ਮੇਰੀ ਮੁਲਾਕਾਤ ਦੀਪ ਸਿੱਧੂ ਨਾਲ ਹੋਈ। ਜਦੋਂ ਮੈਂ ਦੀਪ ਸਿੱਧੂ ਨੂੰ ਇਹ ਫਿਲਮ ਸੁਣਾਈ ਤਾਂ ਉਸ ਨੇ ਝੱਟ ਹੀ ਹਾਂ ਕਰ ਦਿੱਤੀ ਅਤੇ ਫਿਲਮ ਲਈ ਅਗਲੀਆਂ ਵਿਚਾਰਾਂ ਦੌਰਾਨ ਦੀਪ ਨੇ ਆਖਿਆ ਕਿ ਜੱਗੇ ਬਾਈ ਦਾ ਕਿਰਦਾਰ ਧਰਮਿੰਦਰ ਕੋਲੋਂ ਕਰਵਾਇਆ ਜਾ ਸਕਦਾ ਹੈ। ਦੀਪ ਸਿੱਧੂ ਨੇ ਹੀ ਮੈਨੂੰ ਪਹਿਲੀ ਵਾਰ ਧਰਮਿੰਦਰ ਨਾਲ ਮਿਲਵਾਇਆ। ਧਰਮਿੰਦਰ ਨੇ ਪਹਿਲੀ ਮਿਲਣੀ ਵਿਚ ਹੀ ਮੈਨੂੰ ਆਖਿਆ ਕਿ ਦੀਪ ਉਨ੍ਹਾਂ ਦਾ ਬੱਚਾ ਹੈ, ਜਿਵੇਂ ਆਖੇਗਾ ਆਪਾਂ ਕਰ ਲਵਾਂਗੇ। ਤਾਂ ਮੈਂ ਉਨ੍ਹਾਂ ਨੂੰ ਕਿਹਾ ਕੀ ਨਹੀਂ ਜੀ...ਆਪਾਂ ਐਵੇਂ ਨਹੀਂ ਕਿਰਦਾਰ ਕਰਵਾਉਣਾ ਤੁਹਾਡੇ ਪਾਸੋਂ ਇਸ ਲਈ ਨਹੀਂ ਕਰਵਾਉਣਾ ਕਿ ਦੀਪ ਸਿੱਧੂ ਤੁਹਾਡਾ ਬੱਚਾ ਹੈ ਜਾਂ ਜਿਵੇਂ ਉਹ ਕਹੇਗਾ ਉਂਝ ਕਰ ਲਵਾਂਗੇ। ਮੈਂ ਤੁਹਾਨੂੰ ਫਿਲਮ ਦੀ ਪੂਰੀ ਕਹਾਣੀ ਸੁਣਾਵਾਂਗਾ ਫਿਰ ਤੁਸੀਂ ਦੱਸਣਾ ਕਿ ਇਹ ਕਿਰਦਾਰ ਕਰਨਾ ਹੈ ਜਾਂ ਨਹੀਂ। ਜੇ ਤੁਹਾਨੂੰ ਪਸੰਦ ਨਾ ਆਇਆ ਤਾਂ ਤੁਸੀਂ ਨਾ ਕਰਨਾ। ਉਸ ਤੋਂ ਬਾਅਦ ਮੈਂ ਧਰਮਿੰਦਰ ਨਾਲ ਚਾਰ ਪੰਜ ਮੁਲਾਕਤਾਂ ਦੌਰਾਨ ਫਿਲਮ ਦੀ ਕਹਾਣੀ ਸੁਣਾਈ। ਧਰਮਿੰਦਰ ਵਾਰ-ਵਾਰ ਫਿਲਮ ਦੀ ਕਹਾਣੀ ਸੁਣਦੇ, ਕਈ ਗੱਲਾਂ ਉਹ ਭੁੱਲ ਜਾਂਦੇ। ਮੈਂ ਫਿਰ ਦੋਬਾਰਾ ਸੁਣਾਉਂਦਾ। ਅੰਤ ਮੈਂ ਉਨ੍ਹਾਂ ਨੂੰ ਜੱਗੇ ਬਾਈ ਦਾ ਕਿਰਦਾਰ ਚਿਤਰ ਕੇ ਸੁਣਾਇਆ। ਜੱਗਾ ਬਾਈ ਕਿੱਥੇ ਜੰਮਿਆ? ਉਨ੍ਹਾਂ ਨੇ ਜਵਾਨੀ ਵਿਚ ਕੀ ਕੀਤਾ? ਜੇਲ੍ਹ ਵਿਚ ਕਿਉਂ ਬੈਠਾ ਹੈ? ਉਨ੍ਹਾਂ ਨੂੰ ਦੋਹਰੀ ਉਮਰ ਕੈਦ ਕਿਉਂ ਹੋਈ? ਜੇਲ੍ਹ ਵਿਚ ਆਉਣ ਤੋਂ ਪਹਿਲਾਂ ਉਹਦੀ ਕੀ ਜ਼ਿੰਦਗੀ ਸੀ? ਮੈਂ ਉਹ ਸਾਰਾ ਕੁਝ ਸੁਣਾਇਆ ਜਿਹੜਾ ਅਸੀਂ ਫਿਲਮ ਵਿਚ ਨਹੀਂ ਭਾਵੇਂ ਨਹੀਂ ਦਿਖਾਇਆ|ਪਰ ਉਹ ਮੈਂ ਪੂਰੀ ਕਹਾਣੀ ਸੁਣਾਈ ਉਸ ਕਿਰਦਾਰ ਦੀ ਤੇ ਇਹ ਵੀ ਦੱਸਿਆ ਕੀ ਜੱਗਾ ਬਾਈ ਜੇਲ੍ਹ ਵਿਚੋਂ ਰਿਹਾਅ ਹੋ ਕੇ ਕਿੱਥੇ ਜਾਊਗਾ? ਤੇ ਜੋਰਾ ਫਿਲਮ ਦੇ ਵਿਚ ਜੱਗੇ ਬਾਈ ਦਾ ਕੀ ਸਥਾਨ ਹੈ? ਜੱਗੇ ਦਾ ਕਿਰਦਾਰ ਸੁਣਕੇ ਧਰਮਿੰਦਰ ਬਹੁਤ ਖੁਸ਼ ਹੋਏ। ਮੈਂ ਉਨ੍ਹਾਂ ਨੂੰ ਜੱਗੇ ਦੇ ਡਾਇਲਾਗ ਸੁਣਾਏ, ਜੋ ਉਨ੍ਹਾਂ ਉਰਦੂ ਵਿਚ ਆਪਣੀ ਡਾਇਰੀ ਵਿਚ ਲਿਖ ਲਏ ਕਿਉਕਿ ਧਰਮਿੰਦਰ ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ ਵਿਚ ਨਹੀਂ ਉਰਦੂ ਵਿਚ ਲਿਖਦੇ ਹਨ। ਉਨ੍ਹਾਂ ਨੇ ਉਹ ਸਾਰੇ ਡਾਇਲਾਗ ਬੋਲੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਨੇ ਸ਼ਬਦ ਦਰ ਸ਼ਬਦ ਓਵੇਂ ਹੀ ਬੋਲੇ ਜਿਵੇਂ ਮੈਂ ਲਿਖੇ ਸੀ। ਬਾਅਦ ਵਿਚ ਜਦੋਂ ਸ਼ੂਟਿੰਗ ਹੋਈ ਮੈਂ ਜੋ ਫਿਲਮ ਦਾ ਸਾਰਾ ਸੈੱਟ ਲਾਇਆ ਜੋ ਲਾਈਟਿੰਗ ਕੀਤੀ ਤੇ ਮੇਰੇ ਕੈਮਰਾ ਮੈਨ ਨੂੰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੁਰਾਣਾ ਸਮਾਂ ਯਾਦ ਆ ਗਿਆ। ਬਹੁਤ ਵਧੀਆ ਤਰੀਕੇ ਨਾਲ ਉਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ। ਅਸੀਂ ਤਾਂ ਉਨ੍ਹਾਂ ਸਾਹਮਣੇ ਬੱਚੇ ਹਾਂ ਤੇ ਬਹੁਤ ਬੋਚ-ਬੋਚ ਕੇ ਕੰਮ ਕਰਵਾਇਆ। ਉਨ੍ਹਾਂ ਨੂੰ ਤੰਗ ਨਹੀਂ ਕੀਤਾ। ਧਰਮਿੰਦਰ ਦੀ ਸਹੂਲੀਅਤ ਅਨੁਸਾਰ ਅਸੀਂ ਸ਼ੂਟਿੰਗ ਕੀਤੀ। ਜਦੋਂ ਮੈਂ ਸੀਨ ਕੱਟ ਕਰਦਾ ਤਾਂ ਉਹ ਮੈਨੂੰ ਆ ਕਿ ਪੁੱਛਦੇ, ''ਗਿੱਲ ਸਾਹਿਬ ਠੀਕ ਹੈ ਨਾ?'' ਅੱਗੋਂ ਮੈਂ ਹੱਥ ਜੋੜ ਦਿੰਦਾ ਅਤੇ ਮੈਨੂੰ ਕਹਿ ਦਿੰਦੇ 'ਜੇ ਨਹੀਂ ਠੀਕ ਤਾਂ ਦੋਬਾਰਾ ਕਰ ਲੈਨੇ ਆ।'' ਇਹ ਸਭ ਕੁਝ ਮੇਰੇ ਲਈ ਇਕ ਸੁਪਨੇ ਵਰਗਾ ਸੀ ਕਿਉਂਕਿ ਜਿਸ ਮਹਾਨ ਇਨਸਾਨ, ਮਹਾਨ ਕਲਾਕਾਰ ਤੇ ਬਹੁਤ ਹੀ ਬਿਹਤਰੀਨ ਅਦਾਕਾਰ ਦੀ ਫਿਲਮ 'ਸ਼ੋਅਲੇ' ਦੇਖ ਕੇ ਮੈਂ ਇਹ ਸੋਚਿਆ ਸੀ ਕਿ ਮੈਂ ਫਿਲਮ ਮੇਕਰ ਹੀ ਬਣਾਂਗਾ, ਉਹੀ 'ਸ਼ੋਅਲੇ' ਦਾ ਹੀਰੋ ਮੇਰੀ ਪਹਿਲੀ ਫਿਲਮ ਵਿਚ ਇਕ ਬਹੁਤ ਹੀ ਗਹਿਰਾ ਤੇ ਸਾਰਥਕ ਕਿਰਦਾਰ ਨਿਭਾ ਰਿਹਾ ਸੀ। ਮੇਰੇ ਲਈ ਇਹ ਬਹੁਤ ਹੀ ਭਾਵੁਕ ਪਲ ਸਨ।”

ਅਮਰਦੀਪ ਸਿੰਘ ਗਿੱਲ ਦੇ ਕਹਿਣ ਮੁਤਾਬਿਕ, ''ਉਨ੍ਹਾਂ ਨੂੰ ਬਹੁਤ ਖੁਸ਼ੀ ਅਤੇ ਮਾਣ ਹੈ ਕਿ ਧਰਮਿੰਦਰ ਜਿਵੇਂ 'ਜੋਰਾ ਦੱਸ ਨੰਬਰੀਆ' ਦਾ ਹਿੱਸਾ ਸਨ ਅਤੇ ਉਸੇ ਹੀ ਤਰ੍ਹਾਂ ਉਹ 'ਜੋਰਾ ਦਿ ਸੈਕਿੰਡ ਚੈਪਟਰ' ਦਾ ਵੀ ਮਾਨਯੋਗ ਹਿੱਸਾ ਹਨ। ਤੁਸੀਂ ਪਹਿਲਾਂ ਵੀ ਧਰਮਿੰਦਰ ਦੇ ਕਿਰਦਾਰ ਜੱਗੇ ਬਾਈ ਨੂੰ ਬਹੁਤ ਪਿਆਰ ਦਿੱਤਾ ਅਤੇ ਇਸ ਵਾਰ ਫਿਰ ਧਰਮਿੰਦਰ ਜੱਗੇ ਬਾਈ ਦੇ ਕਿਰਦਾਰ ਵਿਚ ਆਪਣੀ ਬਾਕਮਾਲ ਅਦਾਕਰੀ ਨਾਲ ਇਕ ਅਹਿਮ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਣਗੇ। ਵਾਹਿਗੁਰੂ ਉਨ੍ਹਾਂ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News