''ਯਾਰਾ ਵੇ'' ਦੀ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ

4/3/2019 12:46:51 PM

ਜਲੰਧਰ (ਬਿਊਰੋ) — ਪਿਛਲੇ ਕਈ ਦਿਨਾਂ ਤੋਂ ਪ੍ਰਚਾਰੀ ਜਾ ਰਹੀ ਫਿਲਮ 'ਯਾਰਾ ਵੇ' ਪ੍ਰਤੀ ਦਰਸ਼ਕਾਂ ਦੀ ਉਡੀਕ ਲਗਾਤਾਰ ਵਧਦੀ ਜਾ ਰਹੀ ਹੈ। ਇਹ ਫਿਲਮ 5 ਅਪ੍ਰੈਲ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ। ਫਿਲਮ ਪ੍ਰਤੀ ਦਰਸ਼ਕਾਂ ਦੀ ਉਤਸੁਕਤਾ ਦਾ ਵੱਡਾ ਕਾਰਨ ਇਸ ਦਾ 1947 ਦੇ ਪੰਜਾਬ ਨਾਲ ਸਬੰਧ ਦਾ ਹੋਣਾ ਹੈ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਨੂੰ ਇਸ ਕਦਰ ਖਿੱਚ ਪਾਈ ਹੈ ਕਿ ਸੋਸ਼ਲ ਮੀਡੀਆ 'ਤੇ ਲਗਾਤਾਰ ਫਿਲਮ ਦੇ ਹੱਕ 'ਚ ਪ੍ਰਚਾਰ ਦੀ ਹਨੇਰੀ ਆਈ ਹੋਈ ਹੈ। ਪਿਛਲੇ ਕੁਝ ਸਮੇਂ ਪੁਰਾਣੇ ਪੰਜਾਬ ਨਾਲ ਸਬੰਧਤ ਫਿਲਮਾਂ ਦਾ ਦੌਰ ਚੱਲ ਰਿਹਾ ਹੈ ਪਰ 1947 ਦੀ ਵੰਡ, ਉਸ ਵੇਲੇ ਦੇ ਪਰਿਵਾਰਾਂ ਦੀ ਸਾਂਝ, ਏਕਾ ਤੇ ਆਮ ਜੀਵਨ ਵਰਗੇ ਵਿਸ਼ਿਆਂ 'ਤੇ ਫਿਲਮ ਦਾ ਨਿਰਮਾਣ ਨਹੀਂ ਕੀਤਾ ਗਿਆ। 'ਯਾਰਾ ਵੇ' ਦੇ ਮੁੱਖ ਨਾਇਕ ਗਗਨ ਕੋਕਰੀ ਹਨ। ਉਨ੍ਹਾਂ ਨਾਲ ਜਿਗਰੀ ਦੋਸਤ ਦੀ ਭੂਮਿਕਾ 'ਚ ਯੁਵਰਾਜ ਹੰਸ ਹਨ। ਫਿਲਮ ਦੀ ਨਾਇਕਾ ਮੋਨਿਕਾ ਗਿੱਲ ਹੈ। 'ਯਾਰਾ ਵੇ' ਫਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਨੇ ਕੀਤਾ ਹੈ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਕਈ ਚੰਗੀਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ।

ਉਨ੍ਹਾਂ ਦੇ ਕਹਿਣ ਮੁਤਾਬਕ, ''ਫਿਲਮ 'ਯਾਰਾ ਵੇ' ਦਰਸ਼ਕਾਂ ਨੂੰ ਹਸਾਉਣ, ਰਵਾਉਣ ਤੇ ਸਮਝਾਉਣ, ਤਿੰਨਾਂ ਤਰ੍ਹਾਂ ਦੇ ਕੰਮ ਕਰੇਗੀ। 'ਯਾਰਾ ਵੇ' 'ਚ ਰਘਵੀਰ ਬੋਲੀ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਯੋਗਰਾਜ ਸਿੰਘ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਸਿੰਘ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ। ਫਿਲਮ 'ਤੇ ਪੈਸਾ ਨਿਵੇਸ਼ ਕਰਨ ਵਾਲਿਆਂ ਨੇ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ। ਇਹੀ ਕਾਰਨ ਹੈ ਕਿ ਟਰੇਲਰ, ਪ੍ਰੋਮੋ, ਗੀਤ ਸਭ ਦਰਸ਼ਕਾਂ ਨੂੰ ਪਸੰਦ ਆ ਰਹੇ ਹਨ।'' ਹੁਣ ਜਦੋਂ ਫਿਲਮ ਰਿਲੀਜ਼ ਵਿਚ ਸਿਰਫ ਦੋ ਦਿਨ ਬਾਕੀ ਹਨ ਤਾਂ ਗਗਨ ਕੋਕਰੀ ਦਾ ਕਹਿਣਾ ਹੈ, ''ਇਹ ਮੇਰੀ ਦੂਜੀ ਫਿਲਮ ਹੈ, ਇਸ ਤੋਂ ਪਹਿਲੀ 'ਲਾਟੂ' ਸੀ। ਪਹਿਲੀ ਫਿਲਮ ਨਾਲ ਇੰਡਸਟਰੀ ਨੂੰ ਚੰਗੀ ਤਰ੍ਹਾਂ ਨੇੜਿਓਂ ਸਮਝਿਆ ਅਤੇ ਹੁਣ ਦੂਜੀ ਫਿਲਮ 'ਯਾਰਾ ਵੇ' 'ਚ ਉਹ ਤਜਰਬਾ ਕੰਮ ਆਇਆ।' ਯੁਵਰਾਜ ਹੰਸ ਦਾ ਕਹਿਣਾ ਹੈ ''ਇਹੋ ਜਿਹੀਆਂ ਫਿਲਮਾਂ ਬਣਾਈਆਂ ਨਹੀਂ ਜਾਂਦੀਆਂ ਸਗੋਂ ਬਣ ਜਾਂਦੀਆਂ ਹਨ। ਫਿਲਮ ਦਾ ਇਕ-ਇਕ ਸੰਵਾਦ ਸਾਹ ਰੋਕ ਕੇ ਸੁਣਨ ਵਾਲਾ ਹੈ। ਦਰਸ਼ਕਾਂ ਲਈ ਇਹ ਫਿਲਮ ਪੈਸਾ ਵਸੂਲ ਸਾਬਤ ਹੋਵੇਗੀ, ਇਸ ਗੱਲ ਦੀ ਪੱਕੀ ਗਾਰੰਟੀ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News